ਬਿਲਗਾ ਨੇੜਲੇ ਪਿੰਡ ਮੀਆਂਵਾਲ ਵਿਖੇ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਹਰਵਿੰਦਰ ਕੁਮਾਰ ਉਰਫ਼ ਹੈਰੀ ਪੁੱਤਰ ਹੁਸਨ ਲਾਲ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਦਾ ਸਹਾਰਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਹਰਵਿੰਦਰ ਦੀ ਲਾਸ਼ ਅੱਜ ਸਵੇਰੇ ਕਰੀਬ 7 ਵਜੇ ਸਥਾਨਕ ਸਕੂਲ ਦੇ ਮੈਦਾਨ ਵਿੱਚੋਂ ਬਰਾਮਦ ਹੋਈ। ਮ੍ਰਿਤਕ ਦੀ ਭੈਣ ਪੂਜਾ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਫੋਨ ਕਰਕੇ ਉਸ ਦੇ ਭਰਾ ਨੂੰ ਘਰੋਂ ਸੱਦਿਆ ਸੀ, ਪਰ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਉਹ ਕੌਣ ਸਨ। ਪਰ ਅੱਜ ਸਵੇਰੇ ਹਰਵਿੰਦਰ ਦੀ ਮ੍ਰਿਤਕ ਦੇਹ ਮਿਲਣ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਮੌਕੇ ‘ਤੇ ਪਹੁੰਚੇ ਕਾਂਗਰਸੀ ਆਗੂ ਰਾਜਿੰਦਰ ਸੰਧੂ ਨੇ ਦੱਸਿਆ ਕਿ ਹਰਵਿੰਦਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਪਹਿਲਾਂ ਹੀ ਉੱਠ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ, ਜਿਸ ਤੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ।
ਸੂਚਨਾ ਮਿਲਦਿਆਂ ਹੀ ਥਾਣਾ ਬਿਲਗਾ ਦੇ ਮੁੱਖੀ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚੇ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਵਿਅਕਤੀਆਂ ਨੀਰਜ, ਗੁਰੀ। ਹਨੀ ਅਤੇ ਜਸਵੰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਚੱਲੇਗਾ ਅਤੇ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਮੀਂਓਵਾਲ ‘ਚ ਦਰਦਨਾਕ ਘਟਨਾ ਸਾਹਮਣੇ ਆਈ, ਦੋਸਤਾਂ ਨਾਲ ਘਰੋਂ ਗਏ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ
