- ਸੀਆਈਏ ਸਟਾਫ਼ ਜਲੰਧਰ ਦਿਹਾਤੀ ਵੱਲੋਂ 101 ਗ੍ਰਾਮ ਹੈਰੋਇਨ ਅਤੇ ਅਰਟੀਗਾ ਕਾਰ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ
ਜਲੰਧਰ, 12 ਜਨਵਰੀ 2026- ਸਮਾਜ ਦੇ ਮਾੜੇ ਤੱਤਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਹਰਵਿੰਦਰ ਸਿੰਘ ਵਿਰਕ PPS ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਡਾ. ਮੁਕੇਸ਼ ਕੁਮਾਰ PPS ਐਸ.ਪੀ. (ਸਥਾਨਿਕ/ਤਫ਼ਤੀਸ਼) ਅਤੇ ਇੰਦਰਜੀਤ ਸਿੰਘ PPS ਡੀਐਸਪੀ (ਤਫ਼ਤੀਸ਼) ਜਲੰਧਰ ਦਿਹਾਤੀ ਦੀ ਅਗਵਾਈ ਹੇਠ, ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋ 101 ਗ੍ਰਾਮ ਹੈਰੋਇਨ ਅਤੇ ਇੱਕ ਅਰਟੀਗਾ ਕਾਰ ਬਰਾਮਦ ਕੀਤੀ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ, ਹਰਵਿੰਦਰ ਸਿੰਘ ਵਿਰਕ PPS ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ 11.01.2026 ਨੂੰ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀਆਈਏ ਸਟਾਫ਼ ਜਲੰਧਰ ਦਿਹਾਤੀ ਵੱਲੋਂ ਏਐਸਆਈ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ਼ ਦੀ ਟੀਮ ਨੂੰ ਥਾਣਾ ਆਦਮਪੁਰ/ਭੋਗਪੁਰ ਇਲਾਕੇ ਵੱਲ ਗਸ਼ਤ ਲਈ ਭੇਜਿਆ ਗਿਆ ਸੀ। ਗਸ਼ਤ ਦੌਰਾਨ ਜਦੋਂ ਪੁਲਿਸ ਪਾਰਟੀ ਜੰਡ ਸਿੰਘਾ ਤੋਂ ਅਲਾਵਲਪੁਰ ਰਾਹੀਂ ਪਿੰਡ ਬਿਆਸ ਪਹੁੰਚੀ ਤਾਂ ਪਿੰਡ ਬਿਆਸ ਦੀ ਲਿੰਕ ਸੜਕ ‘ਤੇ ਇੱਕ ਸਫੈਦ ਰੰਗ ਦੀ ਅਰਟੀਗਾ ਕਾਰ ਨੰਬਰ PB-01-G-0301 ਖੜੀ ਦਿਖਾਈ ਦਿੱਤੀ। ਕਾਰ ਦੇ ਡਰਾਈਵਰ ਸੀਟ ‘ਤੇ ਇੱਕ ਨੌਜਵਾਨ ਬੈਠਾ ਹੋਇਆ ਸੀ, ਜੋ ਪੁਲਿਸ ਦੀ ਗੱਡੀ ਵੇਖ ਕੇ ਅਚਾਨਕ ਆਪਣੀ ਗੱਡੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਪੁਲਿਸ ਪਾਰਟੀ ਨੇ ਤੁਰੰਤ ਸਰਕਾਰੀ ਵਾਹਨ ਉਸਦੀ ਗੱਡੀ ਦੇ ਸਾਹਮਣੇ ਲਾ ਕੇ ਉਸਨੂੰ ਕਾਬੂ ਕਰ ਲਿਆ ਅਤੇ ਉਸਦਾ ਨਾਮ-ਪਤਾ ਪੁੱਛਿਆ। ਉਸਨੇ ਆਪਣਾ ਨਾਮ ਪਰਵੇਜ਼ ਸਿੱਧੂ ਉਰਫ਼ ਘੋੜਾ ਪੁੱਤਰ ਜੋਗਿੰਦਰ ਮਸੀਹ, ਵਾਸੀ ਜਲੋਵਾਲ, ਥਾਣਾ ਭੋਗਪੁਰ, ਜ਼ਿਲ੍ਹਾ ਜਲੰਧਰ ਦੱਸਿਆ।
ਗੱਡੀ ਦੀ ਤਲਾਸ਼ੀ ਦੌਰਾਨ ਡੈਸ਼ਬੋਰਡ ‘ਚੋਂ 101 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਆਦਮਪੁਰ, ਜਲੰਧਰ ਦਿਹਾਤੀ ਵਿਖੇ ਮੁੱਕਦਮਾ ਨੰਬਰ 05 ਮਿਤੀ 11.01.2026 ਅਧੀਨ ਧਾਰਾਵਾਂ 21B-61-85 ਐਨਡੀਪੀਐਸ ਐਕਟ ਦਰਜ ਕਰਕੇ ਮੁਲਜ਼ਮ ਪਰਵੇਜ਼ ਸਿੱਧੂ ਉਰਫ਼ ਘੋੜਾ ਨੂੰ ਕਾਨੂੰਨ ਕਾਰਵਾਈ ਕਰਦਿਆ ਗ੍ਰਿਫ਼ਤਾਰ ਕਰ ਲਿਆ ਗਿਆ।
ਹੋਰ ਜਾਣਕਾਰੀ ਦਿੰਦਿਆਂ, ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਪਰਵੇਜ਼ ਸਿੱਧੂ ਉਰਫ਼ ਘੋੜਾ ਵਿਆਹਿਆ ਹੋਇਆ ਹੈ ਅਤੇ ਜਲਦੀ ਅਮੀਰ ਬਣਨ ਦੀ ਲਾਲਚ ਵਿੱਚ ਹੈਰੋਇਨ ਵੇਚਣ ਦਾ ਧੰਧਾ ਕਰਨ ਲੱਗ ਪਿਆ ਸੀ। ਉਹ ਕਪੂਰਥਲਾ ਜ਼ਿਲ੍ਹੇ ਦੇ ਹਮੀਰਾ ਅਤੇ ਸੁਭਾਨਪੁਰ ਇਲਾਕਿਆਂ ਤੋਂ ਸਸਤੇ ਭਾਅ ‘ਤੇ ਹੈਰੋਇਨ ਲਿਆ ਕੇ ਆਦਮਪੁਰ ਅਤੇ ਭੋਗਪੁਰ ਇਲਾਕਿਆਂ ‘ਚ ਸਪਲਾਈ ਕਰਦਾ ਸੀ। 101 ਗ੍ਰਾਮ ਹੈਰੋਇਨ ਸਮੇਤ ਉਸਦੀ ਗ੍ਰਿਫ਼ਤਾਰੀ ਨਾਲ ਉਸਦਾ ਚੱਲ ਰਿਹਾ ਨਸ਼ਾ ਨੈੱਟਵਰਕ ਤੋੜ ਦਿੱਤਾ ਗਿਆ ਹੈ।
ਗ੍ਰਿਫ਼ਤਾਰ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਗੱਲ ਦੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ 101 ਗ੍ਰਾਮ ਹੈਰੋਇਨ ਕਿੱਥੋਂ ਲਿਆਇਆ ਸੀ, ਕਿਨ੍ਹਾਂ ਨੂੰ ਸਪਲਾਈ ਕਰਨੀ ਸੀ, ਪਹਿਲਾਂ ਕਿੰਨੀ ਵਾਰ ਕਪੂਰਥਲਾ ਇਲਾਕੇ ਤੋਂ ਹੈਰੋਇਨ ਲਿਆ ਕੇ ਆਦਮਪੁਰ/ਭੋਗਪੁਰ ‘ਚ ਸਪਲਾਈ ਕੀਤੀ ਅਤੇ ਇਸ ਨੈੱਟਵਰਕ ਨਾਲ ਹੋਰ ਕੌਣ-ਕੌਣ ਜੁੜੇ ਹੋਏ ਹਨ। ਪੁਲਿਸ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ। ਨਸ਼ਾ ਵਪਾਰ ਤੋਂ ਹਾਸਲ ਕੀਤੀ ਗਈ ਮੁਲਜ਼ਮ ਦੀ ਚੱਲ-ਅਚੱਲ ਸੰਪਤੀ ਕਾਨੂੰਨ ਅਨੁਸਾਰ ਜ਼ਬਤ ਕੀਤੀ ਜਾਵੇਗੀ ਅਤੇ ਉਸਦੇ ਅੱਗੇ-ਪਿੱਛੇ ਦੇ ਲਿੰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।



