ਭਵਿੱਖ ’ਚ ਤਲਾਸ਼ੀ ਅਭਿਆਨ ਨੂੰ ਹੋਰ ਤੇਜ਼ੀ ਨਾਲ ਚਲਾਕੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ-ਸਹਾਇਕ ਕਮਿਸ਼ਨਰ ਐਕਸਾਈਜ਼
ਜਲੰਧਰ, 26 ਜੂਨ 2024- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਸ਼ਰਾਬ ’ਤੇ ਨਕੇਲ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਐਕਸਾਈਜ਼ ਜਲੰਧਰ ਐਸ.ਕੇ.ਗਰਗ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਐਕਸਾਈਜ਼ ਨਵਜੀਤ ਸਿੰਘ ਨੇ ਦੱਸਿਆ ਕਿ ਅੱਜ ਚਲਾਈ ਗਈ ਤਲਾਸ਼ੀ ਮੁਹਿੰਮ ਤਹਿਤ ਸਵੇਰੇ ਤੜਕਸਾਰ ਦਰਿਆ ਸਤਲੁਜ ਦੇ ਕੰਢੇ ’ਤੇ ਪੈਂਦੇ ਪਿੰਡ ਬੁਰਜ, ਢਗਾਰਾ, ਭੋਡੇ ਅਤੇ ਸੰਗੋਵਾਲ ਵਿਖੇ ਐਕਸਾਈਜ਼ ਅਫ਼ਸਰ ਸੁਨੀਲ ਗੁਪਤਾ, ਸਰਵਨ ਸਿੰਘ ਢਿਲੋਂ ਐਕਸਾਈਜ਼ ਇੰਸਪੈਕਟਰ ਵਲੋਂ ਸਮੇਤ ਐਕਸਾਈਜ਼ ਪੁਲਿਸ ਅਮਲੇ ਨਾਲ ਤਲਾਸ਼ੀ ਕੀਤੀ ਗਈ ਜਿਸ ਦੌਰਾਨ 4 ਪਲਾਸਟਿਕ ਦੀਆਂ ਤਰਪਾਲਾਂ (ਹਰੇਕ ਵਿੱਚ 500 ਲੀਟਰ), 4 ਡਰੰਮਾਂ ਵਿੱਚ ਲਗਭਗ 2200 ਲੀਟਰ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸ਼ਾਮ ਵੇਲੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਦਰਿਆ ਸਤਲੁਜ ਦੇ ਕੰਢੇ ਪੈਂਦੇ ਪਿੰਡ ਬਾਊਪੁਰ ਵਿਖੇ ਸਾਹਿਲ ਰੰਗਾ ਐਕਸਾਈਜ਼ ਇੰਸਪੈਕਟਰ ਵਲੋਂ ਐਕਸਾਈਜ਼ ਪੁਲਿਸ ਸਮੇਤ ਜਾਂਚ ਕੀਤੀ ਗਈ ਅਤੇ ਇਸ ਤਲਾਸ਼ੀ ਅਭਿਆਨ ਦੌਰਾਨ 3 ਪਲਾਸਟਿਕ ਦੀਆਂ ਤਰਪਾਲਾਂ ਜਿਸ ਵਿੱਚ 1500 ਲੀਟਰ ਲਾਹਨ ਅਤੇ 2 ਖਾਲੀ ਡਰੰਮੀਆਂ ਬਰਾਮਦ ਕੀਤੀਆਂ ਗਈਆਂ ਜਿਨਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਸਹਾਇਕ ਕਮਿਸ਼ਨਰ ਐਕਸਾਈਜ਼ ਨਵਜੀਤ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਤਲਾਸ਼ੀ ਅਭਿਆਨ ਨੂੰ ਹੋਰ ਜੋਰਾਂ ਨਾਲ ਚਲਾਇਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
