Breaking
Fri. Oct 31st, 2025

ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਕੇਂਦਰੀ ਵਿੱਤ ਮੰਤਰੀ ਕੋਲ ਖੇਡ ਉਤਪਾਦਾਂ ’ਤੇ ਜੀ.ਐਸ.ਟੀ. 18 ਤੋਂ ਘਟਾ ਕੇ 5 ਫੀਸਦੀ ਕਰਨ ਦਾ ਮੁੱਦਾ ਉਠਾਇਆ

ਕਿਹਾ ਜ਼ਿਆਦਾ ਜੀ.ਐਸ.ਟੀ. ਕਾਰਨ ਆਮ ਜਨਤਾ ਦੇ ਨਾਲ-ਨਾਲ ਖੇਡ ਉਦਯੋਗ ਵੀ ਬੁਰੀ ਤਰ੍ਹਾਂ ਹੋ ਰਿਹੈ ਪ੍ਰਭਾਵਿਤ

ਜਲੰਧਰ, 19 ਦਸੰਬਰ 2023-ਜੀ.ਐਸ.ਟੀ. ਦੀਆਂ ਵਧਾਈਆਂ ਗਈਆਂ ਦਰਾਂ ਤੋਂ ਪ੍ਰਭਾਵਿਤ ਜਲੰਧਰ ਦੀ ਖੇਡ ਇੰਡਸਟਰੀ ਨੂੰ ਰਾਹਤ ਦਿਵਾਉਣ ਲਈ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਪਾਸ ਖੇਡ ਉਤਪਾਦਾਂ ’ਤੇ ਜੀ.ਐਸ.ਟੀ. 18 ਤੋਂ ਘਟਾ ਕੇ 5 ਫੀਸਦੀ ਕਰਨ ਦਾ ਮੁੱਦਾ ਉਠਾਇਆ।

ਸੰਸਦ ਮੈਂਬਰ ਨੇ ਕੇਂਦਰੀ ਵਿੱਤ ਮੰਤਰੀ ਨੂੰ ਖੇਡ ਉਤਪਾਦਾਂ ’ਤੇ ਜੀ.ਐਸ.ਟੀ. ਦੀ ਦਰ 18 ਫੀਸਦੀ ਤੋਂ ਘਟ ਕਰਕੇ 5 ਫੀਸਦੀ ਕਰਨ ਲਈ ਸਬੰਧਤ ਉਤਪਾਦਾਂ ਦੇ ਐਚ.ਐਸ.ਐਨ. ਕੋਡ ਸਮੇਤ ਵਿਸਥਾਰਿਤ ਬਿਓਰਾ ਸੌਂਪਿਆ।

ਸ਼੍ਰੀ ਰਿੰਕੂ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਉਤਪਾਦਾਂ ’ਤੇ ਜੀ.ਐਸ.ਟੀ. ਦਰ 5 ਫੀਸਦੀ ਹੁੰਦੀ ਸੀ ਪਰ ਬਾਅਦ ਵਿੱਚ ਕੇਂਦਰ ਸਰਕਾਰ ਨੇ ਇਸ ਨੂੰ ਵਧਾ ਕੇ 18 ਫੀਸਦੀ ਕਰ ਦਿੱਤਾ, ਜਿਸ ਨਾਲ ਦੇਸ਼ ਭਰ ਵਿੱਚ ਮਸ਼ਹੂਰ ਜਲੰਧਰ ਦੀ ਸਪੋਰਟਸ ਇੰਡਸਟਰੀ ਲਈ ਮੁਸ਼ਕਲ ਪੈਦਾ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਖੇਡ ਉਦਯੋਗ ਨੂੰ ਬਚਾਉਣ ਲਈ ਜੀ.ਐਸ.ਟੀ. ਦਰ ਨੂੰ ਨਿਆਂਸੰਗਤ ਬਣਾਉਣਾ ਸਮੇਂ ਦੀ ਮੰਗ ਹੈ, ਇਸ ਲਈ ਉਨ੍ਹਾਂ ਸਬੰਧਤ ਉਤਪਾਦਾਂ ਦੀ ਸੂਚੀ ਕੇਂਦਰੀ ਵਿੱਤ ਮੰਤਰੀ ਨੂੰ ਸੌਂਪੀ ਹੈ।

ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਸਤੰਬਰ ਮਹੀਨੇ ਮੁਲਾਕਾਤ ਕੀਤੀ ਗਈ ਸੀ, ਜਿਸ ਵਿੱਚ ਜਲੰਧਰ ਸਪੋਰਟਸ ਇੰਡਸਟਰੀ ਦੀ ਸਮੱਸਿਆ ਉਨ੍ਹਾਂ ਦੇ ਸਾਹਮਣੇ ਰੱਖਦਿਆਂ ਖੇਡ ਉਦਯੋਗ ’ਤੇ ਜੀ.ਐਸ.ਟੀ. ਦੀ ਦਰ ਘੱਟ ਕਰਨ ਲਈ ਕਿਹਾ ਸੀ।

ਹੁਣ ਲੋਕ ਸਭਾ ਮੈਂਬਰ ਵੱਲੋਂ ਵਿੱਤ ਮੰਤਰੀ ਨੂੰ ਲਗਭਗ ਡੇਢ ਦਰਜਨ ਉਤਪਾਦਾਂ ਦੇ ਐਚ.ਐਸ.ਐਨ. ਕੋਡ ਸੌਂਪੇ ਗਏ ਹਨ, ਜਿਨ੍ਹਾਂ ’ਤੇ ਜੀ.ਐਸ.ਟੀ. ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਮੰਗ ਕੀਤੀ ਗਈ ਹੈ।

ਸੰਸਦ ਮੈਂਬਰ ਨੇ ਕਿਹਾ ਕਿ ਜ਼ਿਆਦਾਤਰ ਖੇਡ ਉਤਪਾਦਾਂ ਦੀ ਵਰਤੋਂ ਸਕੂਲਾਂ ਵਿੱਚ ਬੱਚਿਆਂ ਤੇ ਗਰੀਬ ਵਰਗ ਵੱਲੋਂ ਕੀਤੀ ਜਾਂਦੀ ਹੈ ਅਤੇ ਜੀ.ਐਸ.ਟੀ. ਦੀ ਦਰ ਵਧਣ ਨਾਲ ਇਹ ਸਾਰੇ ਵਰਗ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਪੋਰਟਸ ਦਾ ਜ਼ਿਆਦਾਤਰ ਸਾਮਾਨ ਸਕੂਲਾਂ ਵਿੱਚ ਬੱਚਿਆਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਕ ਪਾਸੇ ਸਾਡੀ ਇੰਡਸਟਰੀ ਚੀਨ ਤੋਂ ਆਉਣ ਵਾਲੇ ਸਸਤੇ ਸਮਾਨ ਕਰਕੇ ਪਹਿਲਾਂ ਹੀ ਪ੍ਰੇਸ਼ਾਨ ਹੈ ਅਤੇ ਹੁਣ ਸਰਕਾਰ ਵੱਲੋਂ ਜੀ.ਐਸ.ਟੀ. ਦੀ ਦਰ ਵਧਾਉਣ ਕਾਰਨ ਇਹ ਚੁਣੌਤੀ ਹੋਰ ਵਧ ਜਾਵੇਗੀ। ਇਸ ਲਈ ਜਿਥੇ ਜੀ.ਐਸ.ਟੀ. ਦੀ ਦਰ ਘੱਟ ਕਰਨਾ ਖੇਡ ਉਦਯੋਗ ਲਈ ਜ਼ਰੂਰੀ ਹੈ ਉਥੇ ਆਮ ਲੋਕਾਂ ਨੂੰ ਵੀ ਇਸਦਾ ਫਾਇਦਾ ਹੋਵੇਗਾ। ਸੰਸਦ ਮੈਂਬਰ ਨੇ ਆਸ ਪ੍ਰਗਟ ਕੀਤੀ ਕਿ ਇਸ ਦਿਸ਼ਾ ਵਿੱਚ ਜਲਦ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।

By admin

Related Post

Leave a Reply

Your email address will not be published. Required fields are marked *