ਆਪ ਦੇ ਦਲ ਬਦਲੂਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ – ਰਵੀਇੰਦਰ ਸਿੰਘ
ਚੰਡੀਗੜ੍ਹ 24 ਅਪ੍ਰੈਲ 2026 :- ਪੰਜਾਬ ਦੇ ਸਾਬਕਾ ਸਪੀਕਰ ਰਵੀ ਇੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਨੇ ਦਲ-ਬਦਲ ਦੀ ਵਧ ਰਹੀ ਰਾਜਨੀਤੀ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਚੁਣੇ ਹੋਏ ਪ੍ਰਤੀਨਿਧੀ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ, ਉਹ ਲੋਕਤੰਤਰ ਦੀ ਆਤਮਾ ਨੂੰ ਕਮਜ਼ੋਰ ਕਰ ਰਿਹਾ ਹੈ। ਲੋਕਾਂ ਵੱਲੋਂ ਦਿੱਤਾ ਗਿਆ ਫ਼ਤਵਾ ਕਿਸੇ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ ਹੁੰਦਾ, ਸਗੋਂ ਇਹ ਜਨਤਾ ਦੀ ਅਮਾਨਤ ਹੁੰਦੀ ਹੈ।
ਉਨ੍ਹਾਂ ਨੇ ਖਾਸ ਤੌਰ ‘ਤੇ ਕਿਹਾ ਕਿ ਇਸ ਤਰ੍ਹਾਂ ਦੀ ਦਲ-ਬਦਲ ਦੀ ਰਾਜਨੀਤੀ ਨਾਲ ਪੰਜਾਬ ਦੇ ਲੋਕਾਂ ਨਾਲ ਸਿੱਧਾ ਧੋਖਾ ਹੋਇਆ ਹੈ। ਜਿਨ੍ਹਾਂ ਵੋਟਰਾਂ ਨੇ ਆਪਣੇ ਪ੍ਰਤੀਨਿਧੀਆਂ ‘ਤੇ ਭਰੋਸਾ ਕਰਕੇ ਉਨ੍ਹਾਂ ਨੂੰ ਚੁਣਿਆ ਸੀ, ਉਹਨਾਂ ਦੀ ਆਸਾਂ ਅਤੇ ਉਮੀਦਾਂ ਨੂੰ ਝਟਕਾ ਲੱਗਿਆ ਹੈ। ਇਹ ਸਿਰਫ਼ ਸਿਆਸੀ ਫੈਸਲਾ ਨਹੀਂ, ਸਗੋਂ ਲੋਕਾਂ ਦੇ ਵਿਸ਼ਵਾਸ ਨਾਲ ਖੇਡ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਸਚਾਈ ਅਤੇ ਸਿਧਾਂਤਾਂ ਦੀ ਰਾਜਨੀਤੀ ਨੂੰ ਸਹਿਯੋਗ ਦੇਂਦੇ ਆਏ ਹਨ, ਪਰ ਅਜਿਹੇ ਕਦਮਾਂ ਨਾਲ ਉਹਨਾਂ ਦੀ ਨਿਰਾਸ਼ਾ ਵੱਧ ਰਹੀ ਹੈ। ਲੋਕਤੰਤਰ ਦੀ ਮਜ਼ਬੂਤੀ ਲਈ ਇਹ ਜ਼ਰੂਰੀ ਹੈ ਕਿ ਚੁਣੇ ਹੋਏ ਪ੍ਰਤੀਨਿਧੀ ਆਪਣੇ ਵਚਨਾਂ ‘ਤੇ ਕਾਇਮ ਰਹਿਣ ਅਤੇ ਜਨਤਾ ਦੇ ਭਰੋਸੇ ਨੂੰ ਕਦੇ ਟੁੱਟਣ ਨਾ ਦੇਣ।
ਉਨ੍ਹਾਂ ਨੇ ਕਿਹਾ ਕਿ ਦਲ-ਬਦਲ ਸਿਰਫ਼ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ। ਇਹ ਪ੍ਰਵਿਰਤੀ ਸਿਹਤਮੰਦ ਲੋਕਤੰਤਰ ਦੇ ਖਿਲਾਫ ਹੈ ਅਤੇ ਇਸ ਨਾਲ ਪ੍ਰਣਾਲੀ ਵਿੱਚ ਅਸਥਿਰਤਾ ਪੈਦਾ ਹੁੰਦੀ ਹੈ।
ਰਵੀ ਇੰਦਰ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ਦਲ-ਬਦਲ ਨੂੰ ਉਤਸ਼ਾਹਿਤ ਕਰਨਾ ਦੇਸ਼ ਦੇ ਲੋਕਤੰਤਰਕ ਢਾਂਚੇ ਨੂੰ ਝਟਕਾ ਦੇ ਰਿਹਾ ਹੈ। ਉਨ੍ਹਾਂ ਦੇ ਅਨੁਸਾਰ, ਇਹ ਰੁਝਾਨ ਲੋਕਾਂ ਦੇ ਫ਼ੈਸਲੇ ਦੀ ਬੇਅਦਬੀ ਹੈ ਅਤੇ ਸੰਵਿਧਾਨਕ ਮਰਯਾਦਾਂ ਦੇ ਖ਼ਿਲਾਫ਼ ਹੈ।
ਉਨ੍ਹਾਂ ਕਿਹਾ ਕਿ ਦੇਸ਼ ਇੱਕ ਲੋਕਤੰਤਰਕ ਗੁਲਦਸਤਾ ਹੈ, ਜਿੱਥੇ ਵੱਖ-ਵੱਖ ਵਿਚਾਰਧਾਰਾਵਾਂ ਅਤੇ ਪਾਰਟੀਆਂ ਦੀ ਇੱਜ਼ਤ ਕਰਨੀ ਜ਼ਰੂਰੀ ਹੈ। ਜੇਕਰ ਇੱਕ ਹੀ ਪਾਰਟੀ ਹਰ ਥਾਂ ਆਪਣਾ ਪ੍ਰਭਾਵ ਬਣਾਉਣ ਲਈ ਇਸ ਤਰ੍ਹਾਂ ਦੇ ਤਰੀਕੇ ਵਰਤੇਗੀ, ਤਾਂ ਇਹ ਸੰਤੁਲਨ ਖਤਮ ਹੋ ਜਾਵੇਗਾ।
ਉਨ੍ਹਾਂ ਨੇ ਸਾਰੇ ਸਿਆਸੀ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣ। ਦਲ-ਬਦਲ ਦੀ ਰਾਜਨੀਤੀ ਤੋਂ ਬਚਣਾ ਅਤੇ ਆਪਣੇ ਮੂਲ ਸਿਧਾਂਤਾਂ ‘ਤੇ ਡਟੇ ਰਹਿਣਾ ਹੀ ਸੱਚੀ ਸੇਵਾ ਹੈ।ਰਵੀ ਇੰਦਰ ਸਿੰਘ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਿਰਫ਼ ਕਾਨੂੰਨ ਹੀ ਨਹੀਂ, ਸਗੋਂ ਨੈਤਿਕਤਾ ਵੀ ਉਤਨੀ ਹੀ ਮਹੱਤਵਪੂਰਨ ਹੈ। ਜੇ ਸਿਆਸੀ ਪ੍ਰਣਾਲੀ ਵਿੱਚ ਨੈਤਿਕਤਾ ਖਤਮ ਹੋ ਜਾਵੇ, ਤਾਂ ਲੋਕਤੰਤਰ ਸਿਰਫ਼ ਇਕ ਢਾਂਚਾ ਬਣ ਕੇ ਰਹਿ ਜਾਂਦਾ ਹੈ।



