ਜਲੰਧਰ, 20 ਦਸੰਬਰ 2023-ਪੰਜਾਬ ਰਾਜ ਆਲੂ ਦੀ ਪੈਦਾਵਾਰ ਅਤੇ ਉੱਤਮ ਗੁਣਵੱਤਾ ਵਾਲਾ ਆਲੂ ਬੀਜ ਪੈਦਾ ਕਰਨ ਵਿੱਚ ਮੋਹਰੀ ਸੂਬਾ ਮੰਨਿਆ ਜਾਂਦਾ ਹੈ। ਖਾਸ ਤੌਰ ’ਤੇ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਜ਼ਿਲ੍ਹਾ ਜਲੰਧਰ ਵਿੱਚ ਸਭ ਤੋਂ ਵੱਧ ਆਲੂ ਦੀ ਫ਼ਸਲ ਅਧੀਨ ਰਕਬਾ ਲਗਾਇਆ ਜਾਂਦਾ ਹੈ। ਇਸ ਫ਼ਸਲ ਅਧੀਨ ਕੁੱਲ ਰਕਬੇ ਦਾ ਵੱਡਾ ਹਿੱਸਾ ਕੇਵਲ ਆਲੂ ਬੀਜ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਆਲੂ ਬੀਜ ਉੱਤਮ ਗੁਣਵੱਤਾ ਵਾਲਾ ਅਤੇ ਬਿਮਾਰੀ ਰਹਿਤ ਤਿਆਰ ਕੀਤਾ ਜਾਵੇ।
ਇਸ ਸਬੰਧੀ ਡਿਪਟੀ ਡਾਇਰੈਕਟਰ ਬਾਗਬਾਨੀ, ਡਾ. ਲਾਲ ਬਹਾਦਰ ਦਮਾਥੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ੍ਹ ਦਾ ਮੌਸਮ ਆਲੂ ਫ਼ਸਲ ਦੇ ਪਿਛੇਤੇ ਝੁਲਸ ਰੋਗ ਵਾਸਤੇ ਢੁੱਕਵਾਂ ਚੱਲ ਰਿਹਾ ਹੈ, ਜਿਸ ਕਰਕੇ ਇਸ ਬਿਮਾਰੀ ਦੇ ਵੱਧਣ ਦੀ ਸੰਭਾਵਨਾ ਹੈ। ਇਹ ਬਿਮਾਰੀ ਮੁੱਖ ਤੌਰ ’ਤੇ ਕੁਫਰੀ ਚੰਦਰਮੁੱਖੀ, ਕੁਫਰੀ ਪੁਖਰਾਜ ਕਿਸਮਾਂ ਅਤੇ ਕੁਝ ਪ੍ਰਾਈਵੇਟ ਕਿਸਮਾਂ ਜਿਵੇਂ ਕਿ ਕੇ.ਵਾਈ., ਐਲ.ਆਰ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਲੂ ਦੀ ਫ਼ਸਲ ’ਤੇ 7 ਦਿਨ੍ਹਾਂ ਦੇ ਵਕਫੇ ’ਤੇ ਇੰਡੋਫਿਲ ਐਮ-45/ਐਂਟਰਾਕੋਲ/ਕਵਚ ਦਵਾਈਆਂ 500 ਤੋਂ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 250 ਤੋਂ 300 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤੀਆਂ ਜਾਣ। ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਜਿਸ ਦਵਾਈ ਦੀ ਪਹਿਲੀ ਸਪਰੇਅ ਕੀਤੀ ਹੈ, ਉਹ ਦੁਬਾਰਾ ਸੱਤਵੇਂ ਦਿਨ ਨਾ ਦੁਹਰਾਈ ਜਾਵੇ। ਦੂਜੀ ਸਪਰੇਅ ਹੋਰ ਕੈਮੀਕਲ ਦਵਾਈ ਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਇਸ ਬਿਮਾਰੀ ਦਾ ਕੋਈ ਲੱਛਣ ਮਿਲ ਰਿਹਾ ਹੈ ਜਾਂ ਇਸ ਬਿਮਾਰੀ ਤੋਂ ‘ਰਸਿਸਟੈਂਟ’ ਕਿਸਮਾਂ ਨਹੀਂ ਲੱਗੀਆਂ ਹਨ, ਉੱਥੇ ਕਿਸਾਨਾਂ ਨੂੰ ਰਿਡੋਮਿਲ ਗੋਲਡ/ਸੈਕਟਿਨ 60 ਡਬਲਯੂ ਜੀ/ਕਰਜੇਟ ਐਮ-8 ਦਵਾਈਆਂ 700 ਗ੍ਰਾਮ ਪ੍ਰਤੀ ਏਕੜ ਜਾਂ ਰੀਵਸ 250 ਐਸ ਸੀ 250 ਮਿਲੀ ਲੀਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 250 ਤੋਂ 300 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤੀ ਜਾਵੇ।
