ਉਪਰਾਲੇ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਜਲੰਧਰ, 3 ਦਸੰਬਰ 2023-ਪੰਜਾਬ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਉਣ ਲਈ ਕੀਤੀ ਨਿਵੇਕਲੀ ਪਹਿਲ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ 27 ਨਵੰਬਰ ਨੂੰ ਜਲੰਧਰ ਤੋਂ ਰਵਾਨਾ ਹੋਏ 200 ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ, ਮਹਾਂਰਸ਼ਟਰ ਦੇ ਦਰਸ਼ਨ ਕਰਕੇ ਬੀਤੀ ਰਾਤ ਇਥੇ ਵਾਪਸ ਪਹੁੰਚੇ।
ਸ਼ਨੀਵਾਰ ਰਾਤ ਕਰੀਬ 1 ਵਜੇ ਰੇਲ ਗੱਡੀ ਰਾਹੀਂ ਪਰਤੇ ਸ਼ਰਧਾਲੂਆਂ ਦੇ ਜਥੇ ਦਾ ਐਸ.ਡੀ.ਐਮਜ਼ ਗੁਰਸਿਮਰਨ ਸਿੰਘ ਅਤੇ ਮੇਜਰ ਡਾ. ਇਰਵਿਨ ਕੌਰ ਵੱਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਨਿੱਘਾ ਸਵਾਗਤ ਕੀਤਾ ਗਿਆ।
ਯਾਤਰਾ ਤੋਂ ਪਰਤੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ।
ਜਥੇ ’ਚ ਸ਼ਾਮਲ ਅਰਜਨ ਨਗਰ, ਮਿੱਠੂ ਬਸਤੀ ਦੇ ਸ਼ਰਧਾਲੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਉਨ੍ਹਾਂ ਨੂੰ ਪਹਿਲੀ ਵਾਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਦੇ ਲਈ ਉਹ ਸਦਾ ਸਰਕਾਰ ਦੇ ਰਿਣੀ ਰਹਿਣਗੇ।
ਇਕ ਹੋਰ ਸ਼ਰਧਾਲੂ ਤਲਵਿੰਦਰ ਕੌਰ ਪਿੰਡ ਕਾਂਗਣਾ, ਨਕੋਦਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ, ਜਿਸ ਵੱਲੋਂ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਪਹਿਲ ਸਦਕਾ ਉਹ ਬਿਨਾਂ ਕਿਸੇ ਖਰਚ ਤੋਂ ਧਾਰਮਿਕ ਸਥਾਨ ਦੀ ਯਾਤਰਾ ਕਰ ਸਕੇ ਹਨ।
ਹੋਰਨਾਂ ਸ਼ਰਧਾਲੂਆਂ ਨੇ ਵੀ ਭਗਵੰਤ ਮਾਨ ਸਰਕਾਰ ਦਾ ਦੇਸ਼ ਭਰ ਦੇ ਪਵਿੱਤਰ ਸਥਾਨਾਂ ‘ਤੇ ਦਰਸ਼ਨ ਕਰਨ ਦੀ ਸਹੂਲਤ ਦੇਣ ਲਈ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਖਾਣ-ਪੀਣ, ਯਾਤਰਾ ਦਾ ਖਰਚਾ, ਜਿਸ ਵਿੱਚ ਏ.ਸੀ. ਰੇਲ ਗੱਡੀਆਂ ਅਤੇ ਰਿਹਾਇਸ਼ ਸ਼ਾਮਲ ਹੈ, ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਅਨੇਕਾਂ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਜੀ, ਸ੍ਰੀ ਵਰਿੰਦਾਵਨ ਧਾਮ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਵਾਰਾਣਸੀ, ਸ੍ਰੀ ਖਾਟੂ ਸ਼ਿਆਮ ਜੀ, ਸ੍ਰੀ ਸਾਲਾਸਰ ਧਾਮ ਅਤੇ ਖਵਾਜਾ ਅਜਮੇਰ ਸ਼ਰੀਫ ਦਰਗਾਹ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ।
