ਸਪਾਰਕ ਮੇਲਾ 2023 ਅੱਜ ਤੋਂ-ਤਿਆਰੀਆਂ ਮੁਕੰਮਲ
7000 ਦੇ ਕਰੀਬ ਬੱਚੇ ਕਰਨਗੇ ਸ਼ਿਰਕਤ
ਜਲੰਧਰ, 11 ਦਸੰਬਰ 2023-ਜਿਲ੍ਹਾ ਪ੍ਰਸ਼ਾਸ਼ਨ ਜਲੰਧਰ ਵਲੋਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਪੇਸ਼ੇਵਰ ਲੀਹਾਂ ’ਤੇ ਤਿਆਰੀ ਕਰਵਾਉਣ ਦੇ ਮਕਸਦ ਨਾਲ ‘ਸਪਾਰਕ ਮੇਲਾ 2023’ ਕੱਲ੍ਹ 12 ਦਸੰਬਰ ਤੋਂ ਸ਼ੁਰੂ ਹੋਵੇਗਾ। ਜਿਲ੍ਹਾ ਪ੍ਰਸ਼ਾਸ਼ਨ ਵਲੋਂ 12 ਤੇ 13 ਦਸੰਬਰ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਲੱਗਣ ਵਾਲੇ ਇਸ ਮੇਲੇ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬੱਚਿਆਂ ਨੂੰ ਅਤੇ ਵਿਸ਼ੇਸ਼ ਕਰਕੇ 10 ਵੀਂ ਅਤੇ 12 ਵੀਂ ਕਲਾਸ ਤੋਂ ਬਾਅਦ ਵਿਦਿਆਰਥੀਆਂ ਨੂੰ ਕੈਰੀਅਰ ਦੀ ਸਹੀ ਚੋਣ, ਉਦਯੋਗਾਂ ਦੀ ਲੋੜ ਮੁਤਾਬਿਕ ਕਿੱਤੇ ਦੀ ਚੋਣ, ਸਰਕਾਰੀ ਤੇ ਗੈਰ ਸਰਕਾਰੀ ਖੇਤਰ ਵਿਚ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਵਿਸ਼ਾ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਲਗਭਗ 4500 ਤੋਂ 5000 ਬੱਚੇ ਅਤੇ ਪ੍ਰਾਇਵੇਟ ਸਕੂਲਾਂ ਦੇ ਵੀ ਲਗਭਗ 2000 ਬੱਚੇ ਇਸ ਮੇਲੇ ਵਿਚ ਭਾਗ ਲੈਣਗੇ ਜਿਸ ਲਈ ਉਨ੍ਹਾਂ ਦੇ ਆਉਣ-ਜਾਣ ਤੇ ਰਿਫਰੈਸ਼ਮੈਂਟ ਦੇ ਪ੍ਰਬੰਧ ਕੀਤੇ ਗਏ ਹਨ।
ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਵਿਕਸਤ ਹੋ ਰਹੀਆਂ ਨਵੀਨਤਮ ਤਕਨੀਕਾਂ , ਬਾਜ਼ਾਰ ਦੀ ਲੋੜ ਅਨੁਸਾਰ ਹੁਨਰ ਵਿਕਾਸ ਤੇ ਰੁਜ਼ਗਾਰ ਸਥਾਪਤੀ ਲਈ ਬੈਂਕਾਂ ਰਾਹੀਂ ਆਸਾਨ ਦਰਾਂ ’ਤੇ ਕਰਜ਼ ਦੀ ਸਹੂਲਤ ਵਿਦਿਆਰਥੀਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਵੇਗੀ।
ਸਪਾਰਕ 2023 ਦੌਰਾਨ ‘ਆਰਟੀਫੀਸ਼ਲ ਇੰਟੈਲੀਂਜੈਂਸ ’ ਦੀ ਸੁਚੱਜੀ ਵਰਤੋਂ ਤੇ ਰੁਜ਼ਗਾਰ ਵਿਚ ਸਹਾਇਤਾ ਬਾਰੇ ਵੀ ਜਾਣੂੰ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸਪਾਰਕ 2023 ਰਾਹੀਂ ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਦੇਣ ਲਈ ਵੱਧ ਤੋਂ ਵੱਧ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਆਸ ਜਤਾਈ ਕਿ ਸਪਾਰਕ 2023 ਵਿਦਿਆਰਥੀਆਂ ਨੂੰ ਨਵੀਆਂ ਲੀਹਾਂ ’ਤੇ ਤੋਰਨ ਵਿਚ ਪੂਰਨ ਸਹਾਈ ਹੋਵੇਗਾ।
