ਸੜਕ ਕੰਕਰੀਟ ਕਰਕੇ ਟਰੈਕਟਰ ਰੋਕਣ ਲਈ ਯਤਨ
ਹਰਿਆਣਾ ਸਰਕਾਰ ਨੇ ਰਾਜ ਦੇ 8 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ, ਡੌਂਗਲ ਅਤੇ ਬਲਕ ਐਸਐਮਐਸ 48 ਘੰਟਿਆਂ ਲਈ ਬੰਦ ਕਰ ਦਿੱਤੇ ਹਨ। ਪੰਜਾਬ ਵਾਲੀ ਸਾਈਡ ਤੋਂ ਕਿਸਾਨਾਂ ਨੂੰ ਰੋਕਣ ਲਈ ਸ਼ੰਭੂ ਬੈਰੀਆਰ ਸੀਲ ਕਰ ਦਿੱਤਾ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਵੱਲੋਂ ਪੰਜਾਬ ਤੋਂ ਆਉਣ ਵਾਲੀ ਟ੍ਰੈਫਿਕ ਲਈ ਸ਼ੰਭੂ ਬੈਰੀਅਰ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਦੇ ਮਾਰਚ ਨੂੰ ਹਰਿਆਣਾ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਇਕ ਕਿਲੋਮੀਟਰ ਤੱਕ ਲੰਮੀ ਸੀਮੈਂਟ ਦੇ ਪਿੱਲਰਾਂ ਦੀ ਕੰਧ ਖੜ੍ਹੀ ਕਰ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਸ਼ਨਿਚਰਵਾਰ ਸਵੇਰ ਤੋਂ ਹੀ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਲੋਕਾਂ ਲਈ ਬਦਲਵੇਂ ਰਸਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਇਸਦੇ ਬਾਵਜੂਦ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਲੋਕ ਹਿੱਤ ’ਚ ਜਾਣਕਾਰੀ ਦਿੰਦਿਆ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਪੰਜਾਬ ਵੱਲੋਂ 13 ਫਰਵਰੀ ਨੂੰ ਦਿੱਲੀ ਮਾਰਚ ਕਰਨ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਪਟਿਆਲਾ ਤੋਂ ਸ਼ੰਭੂ ਟੋਲ ਪਲਾਜ਼ਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਨੂੰ ਮਿਤੀ 10 ਫਰਵਰੀ ਦੀ ਸਵੇਰ ਤੋਂ ਬਦਲਵੇਂ ਰਸਤੇ ਤੋਂ ਆਉਣ ਲਈ ਕਿਹਾ ਹੈ।
ਹਰਿਆਣਾ ਸਰਕਾਰ ਨੇ ਰਾਜ ਦੇ 8 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ, ਡੌਂਗਲ ਅਤੇ ਬਲਕ ਐਸਐਮਐਸ 48 ਘੰਟਿਆਂ ਲਈ ਬੰਦ ਕਰ ਦਿੱਤੇ ਹਨ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਤੱਕ ਮਾਰਚ ਦੇ ਮੱਦੇਨਜ਼ਰ ਲਿਆ ਗਿਆ ਹੈ। ਇੰਟਰਨੈੱਟ ‘ਤੇ ਪਾਬੰਦੀ ਦਾ ਫੈਸਲਾ ਅੰਬਾਲਾ, ਹਿਸਾਰ, ਕੁਰੂਕਸ਼ੇਤਰ, ਕੈਥਲ, ਜੀਂਦ, ਫਤਿਹਾਬਾਦ ਅਤੇ ਡੱਬਵਾਲੀ ਸਮੇਤ ਸਿਰਸਾ ‘ਚ ਲਾਗੂ ਹੋਵੇਗਾ। ਇਹ ਪਾਬੰਦੀ 11 ਫਰਵਰੀ ਨੂੰ ਸਵੇਰੇ 6 ਵਜੇ ਤੋਂ 13 ਫਰਵਰੀ ਰਾਤ 11.59 ਵਜੇ ਤੱਕ ਲਾਗੂ ਰਹੇਗੀ। ਇਸ ਮਿਆਦ ਦੇ ਦੌਰਾਨ ਬ੍ਰਾਡਬੈਂਡ ਅਤੇ ਲੀਜ਼ਡ ਲਾਈਨ ਇੰਟਰਨੈਟ ਦਾ ਸੰਚਾਲਨ ਜਾਰੀ ਰਹੇਗਾ।
ਹਰਿਆਣਾ ਸਰਕਾਰ ਨੇ ਇਸ ਪਿੱਛੇ ਦਲੀਲ ਦਿੱਤੀ ਕਿ ਸੀਆਈਡੀ ਦੇ ਏਡੀਜੀਪੀ ਨੇ ਕਿਸਾਨਾਂ ਦੀ ਤਰਫੋਂ ਮਾਰਚ ਅਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਤਣਾਅ, ਜਨਤਕ ਜਾਇਦਾਦ ਨੂੰ ਨੁਕਸਾਨ ਅਤੇ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਇੰਟਰਨੈਟ ਰਾਹੀਂ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਸਕਦੀ ਹੈ। ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਵ੍ਹਾਟਸਐਪ, ਟਵਿੱਟਰ, ਐਸਐਮਐਸ ਆਦਿ ਰਾਹੀਂ ਅਜਿਹਾ ਹੋਣ ਤੋਂ ਰੋਕਣ ਲਈ ਇੰਟਰਨੈਟ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।