ਭਾਰ ਤੋਲਣ ਅਤੇ ਵਾਲੀਵਾਲ ਦੇ ਨੁਮਾਇਸ਼ੀ-ਮੈਚ ਕਰਵਾਏ ਗਏ
ਜੰਡਿਆਲਾ ਮੰਜਕੀ, 23 ਫਰਵਰੀ 2025- ਗੁਰੂੁ ਗੋਬਿੰਦ ਸਿੰਘ ਯੂਨੀਵਰਿਸਟੀ ਕਾਲਜ ਜੰਡਿਆਲਾ ਮੰਜਕੀ ਦੀ ਸਾਲਾਨਾ ਐਥਲੈਟਿਕਸ ਪ੍ਰਤੀਯੋਗਤਾ ਕਰਵਾਈ ਗਈ। ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਓ.ਐਸ.ਡੀ. ਡਾ. ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਲੜਕੇ ਅਤੇ ਲੜਕੀਆਂ ਦੇ 100-200-400 ਮੀਟਰ ਦੌੜਾਂ, ਉੱਚੀ ਛਾਲ, ਲੰਬੀ ਛਾਲ, ਗੋਲਾ ਸੁੱਟਣਾ, ਨੇਜ਼ਾ ਸੁੱਟਣਾ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਵਿੱਚੋਂ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੋਨੂੰ ਕੁਮਾਰ (ਲੜਕੇ) ਅਤੇ ਕਰੀਨਾ (ਲੜਕੀਆਂ) ਬੈਸਟ ਅਥਲੀਟ ਚੁਣੇ ਗਏ। ਐਥਲੈਟਿਕਸ ਤੋਂ ਬਿਨਾਂ ਵਾਲੀਵਾਲ ਅਤੇ ਭਾਰ-ਤੋਲਣ ਦੇ ਨੁਮਾਇਸ਼ੀ-ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਤੋਂ ਬਿਨਾਂ ਪ੍ਰਾਇਮਰੀ ਸਕੂਲ ਦੇ ਨੰਨ੍ਹੇ ਭਾਰ-ਤੋਲਕਾਂ ਨੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਇਸ ਕਾਲਜ ਦੇ ਵਿਦਿਆਰਥੀ ਸੂਰਜ ਜਿਸਨੇ ਗੂਰੂ ਨਾਨਕ ਦੇਵ ਯੂਨੀਵਰਿਸਟੀ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਇੰਟਰਵਰਿਸਟੀ ਮੁਕਾਬਲਿਆਂ ਵਿੱਚ ਕੁਸ਼ਤੀ 70 ਕਿਲੋ ਭਾਰ-ਵਰਗ ਵਿੱਚ ਗੁਰੁ ਨਾਨਕ ਦੇਵ ਯੂਨੀਵਰਿਸਟੀ ਦੀ ਪ੍ਰਤੀੋਨਧਤਾ ਕੀਤੀ, ਦਾ ਖਾਸ ਸਨਮਾਨ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾ ਵਲੋਂ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ।ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਰੱਸਾਕਸ਼ੀ ਦੇ ਅੰਤਰ-ਰਾਸ਼ਟਰੀ ਕੋਚ ਅਤੇ ਵੇਟ-ਲਿਫਟਿੰਗ ਕੋਚ ਸ੍ਰੀ ਹਰਮੇਸ਼ ਲਾਲ ਉਚੇਚੇ ਤੌਰ ਤੇ ਪੁੱਜੇ। ਸਮਾਗਮ ਦੀ ਪ੍ਰਧਾਨਗੀ ਜੰਡਿਆਲਾ ਮੰਜਕੀ ਦੇ ਸਰਪੰਚ ਕਮਲਜੀਤ ਸਿੰਘ ਸਹੋਤਾ ਨੇ ਕੀਤੀ ਅਤੇ ਆਪਣੇ ਹੱਥੀਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
 
                        