ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਸਤੰਬਰ ਤਿਮਾਹੀ ਲਈ ਮਿੱਥੇ ਟੀਚਿਆਂ ਤੇ ਨਤੀਜਿਆਂ ਦੀ ਕੀਤੀ ਸਮੀਖਿਆ
ਜਲੰਧਰ, 24 ਦਸੰਬਰ : ਜ਼ਿਲ੍ਹਾ ਸਲਾਹਕਾਰ ਕਮੇਟੀ/ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਅੱਜ ਤਿਮਾਹੀ ਸਮੀਖਿਆ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਨੇ ਬੈਂਕਾਂ ਨੂੰ ਆਪਣੇ ਨਿਰਧਾਰਿਤ ਟੀਚੇ ਮਿੱਥੇ ਸਮੇਂ ਵਿੱਚ ਪੂਰੇ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਖੇਤੀਬਾੜੀ, ਸਹਾਇਕ ਧੰਦਿਆਂ ਅਤੇ ਛੋਟੇ ਕਾਰੋਬਾਰਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਕਿਹਾ ਕਿ ਬੈਂਕਾਂ ਵਲੋਂ ਜ਼ਿਲ੍ਹੇ ਦੀ ਮੌਜੂਦਾ ਸੀ.ਡੀ. ਰੇਸ਼ੋ ਵਿੱਚ ਸੁਧਾਰ ਲਿਆਉਣ ਲਈ ਇਕ ਵਿਆਪਕ ਰਣਨੀਤੀ ਤਿਆਰ ਕੀਤੀ ਜਾਵੇ ਜਿਸ ਦੇ ਵਿੱਚ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਕਰਜ਼ ਮੁਹੱਈਆ ਕਰਵਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਵੀਆਂ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ , ਖਾਸਕਰ ਨਬਾਰਡ ਦੀਆਂ ਸਕੀਮਾਂ ਤਹਿਤ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕੁਝ ਬੈਂਕਾਂ ਦੀ ਢਿੱਲੀ ਕਾਰਗੁਜ਼ਾਰੀ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਨਿਰਧਾਰਿਤ ਟੀਚੇ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਐਲ.ਡੀ.ਐਮ. ਐੱਮ. ਐੱਸ. ਮੋਤੀ ਨੇ ਜ਼ਿਲ੍ਹੇ ਵਿੱਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖ਼ਾ ਮੀਟਿੰਗ ਵਿੱਚ ਰੱਖਦਿਆਂ ਦੱਸਿਆ ਕਿ ਬੈਂਕਾਂ ਨੇ ਸਤੰਬਰ 2024, ਤਿਮਾਹੀ ਲਈ ਮਿਥੇ ਗਏ ਤਰਜੀਹੀ ਖੇਤਰ ਦੇ 10084 ਕਰੋੜ ਰੁਪਏ ਦੇ ਕਰਜ਼ ਟੀਚੇ ਦੇ ਸਾਹਮਣੇ 15776 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ ਜੋ ਕਿ ਟੀਚੇ ਦਾ 156.44 ਫੀਸਦੀ ਹੈ। ਖੇਤੀਬਾੜੀ ਖੇਤਰ ਦੇ ਕਰਜ਼ੇ ਦੇ 1484 ਕਰੋੜ ਰੁਪਏ ਦੇ ਟੀਚੇ ਦੇ ਸਾਹਮਣੇ 2799 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ, ਜੋ ਕਿ ਇਸ ਤਿਮਾਹੀ ਦੇ ਕੁੱਲ ਟੀਚੇ ਦੀ 188.61 ਫੀਸਦੀ ਪ੍ਰਾਪਤੀ ਹੈ। ਇਸੇ ਤਰ੍ਹਾਂ ਐਮ.ਐਸ.ਐਮ.ਈ. ਸੈਕਟਰ ਲਈ 7064 ਕਰੋੜ ਰੁਪਏ ਅਤੇ ਹੋਰ ਤਰਜੀਹੀ ਖੇਤਰ ਲਈ 439 ਕਰੋੜ ਰੁਪਏ ਦੇ ਕਰਜ਼ ਮਨਜ਼ੂਰ ਕੀਤੇ ਗਏ ਹਨ। ਐਲ.ਡੀ.ਐਮ. ਨੇ ਦੱਸਿਆ ਕਿ ਇਸ ਤਿਮਾਹੀ ’ਚ ਸੀ ਡੀ ਰੇਸ਼ੋ 34.41 % ਰਹੀ ਹੈ, ਜਿਸ ’ਤੇ ਵਧੀਕ ਡਿਪਟੀ ਕਮਿਸ਼ਨਰ ਨੇ ਤਸੱਲੀ ਪ੍ਰਗਟ ਕਰਦਿਆਂ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਰਜ਼ੇ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਰੋਜ਼ਗਾਰ ਨੂੰ ਹੋਰ ਹੁਲਾਰਾ ਦੇਣ ਲਈ ਸਵੈ ਰੋਜ਼ਗਾਰ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਜ਼ ਦਿੱਤੇ ਜਾਣ।
ਮੀਟਿੰਗ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਚੰਡੀਗੜ੍ਹ ਤੋਂ ਐਲ.ਡੀ.ਓ. ਯਸ਼ ਭਾਰਦਵਜ, ਨਬਾਰਡ ਤੋਂ ਰਸੀਸ਼ ਲੇਖੀ, ਜਿਲੇ ਦੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ, ਜ਼ਿਲ੍ਹਾ ਉਦਯੋਗ ਕੇਂਦਰ, ਰੂਡਸੈਟ ਇੰਸਟੀਚਿਊਟ, ਜਲੰਧਰ, ਜ਼ਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ, ਡੇਅਰੀ ਵਿਕਾਸ, ਮੱਛੀ ਪਾਲਣ, ਬਾਗਬਾਨੀ, ਨਾਬਾਰਡ, ਚੰਡੀਗੜ੍ਹ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਨਾਂ ਸਾਰੇ ਵਿਭਾਗਾਂ ਦੀ ਕਾਰਗੁਜਾਰੀ ਦੀ ਸਮੀਖਿਆ ਵੀ ਕੀਤੀ ਗਈ।
ਵੱਖ-ਵੱਖ ਸਕੀਮਾਂ ਤਹਿਤ ਵੱਧ ਤੋਂ ਵੱਧ ਕਰਜ਼ੇ ਵੰਡੇ ਜਾਣ : ਵਧੀਕ ਡਿਪਟੀ ਕਮਿਸ਼ਨਰ
