Breaking
Tue. Oct 28th, 2025

ਜਲੰਧਰ ਦੇ ਵਿਕਾਸ ਨੂੰ ਵੱਡਾ ਹੁਲਾਰਾ, ਕਰੋੜਾਂ ਦੇ ਵਿਕਾਸ ਪ੍ਰੋਜੈਕਟ ਜਲਦ ਹੋਣਗੇ ਸ਼ੁਰੂ- ਹਰਭਜਨ ਸਿੰਘ ਈ.ਟੀ.ਓ.

6 ਹਜ਼ਾਰ ਨਵੀਆਂ ਸਟਰੀਟ ਲਾਈਟਾਂ, 28 ਨਵੇਂ ਟਿਊਬਵੈਲ, 1500 ਨਵੇਂ ਸੀ.ਸੀ.ਟੀ.ਵੀ. ਕੈਮਰੇ, 54 ਕਰੋੜ ਦੇ ਸੜਕੀ ਪ੍ਰੋਜੈਕਟ ਸ਼ਹਿਰ ਨੂੰ ਦੇਣਗੇ ਨਵੀਂ ਦਿੱਖ
ਕੈਬਨਿਟ ਮੰਤਰੀ ਵਲੋਂ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ, ਪਹਿਲਕਦਮੀਆਂ ਨੂੰ ਸਮੇਂ ਸਿਰ ਪੂਰਾ ਕਰਨ ’ਤੇ ਦਿੱਤਾ ਜ਼ੋਰ

ਜਲੰਧਰ, 29 ਨਵੰਬਰ 2024- ਜਲੰਧਰ ਜ਼ਿਲ੍ਹੇ ਦੇ ਵਿਕਾਸ ਵੱਲ ਮਹੱਤਵਪੂਰਨ ਪੁਲਾਂਘ ਪੁੱਟਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਵਲੋਂ ਕਈ ਅਹਿਮ ਸ਼ਖਸੀਅਤਾਂ ਨਾਲ ਲੋਕ ਭਲਾਈ ਲੲਂੀ ਸ਼ੁਰੂ ਕੀਤੀਆਂ ਗਈਆਂ ਅਨੇਕਾਂ ਪਹਿਲਕਦਮੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਰੋੜਾਂ ਰੁਪਇਆ ਦੇ ਅਨੇਕਾਂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਵਲੋਂ ਇਨ੍ਹਾਂ ਪ੍ਰੋਜੈਕਟਾਂ ਦੇ ਸਮੇਂ ਸਿਰ ਮੁਕੰਮਲ ਹੋਣ ’ਤੇ ਜ਼ੋਰ ਦਿੱਤਾ ਗਿਆ ਤਾਂ ਜੋ ਹੇਠਲੇ ਪੱਧਰ ਤੱਕ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ।

ਮੀਟਿੰਗ ਵਿੱਚ ਵਿਧਾਇਕ ਰਮਨ ਅਰੋੜਾ, ਵਿਧਾਇਕਾ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਕਮਿਸ਼ਨਰ ਜਲੰਧਰ ਨਗਰ ਨਿਗਮ ਗੌਤਮ ਜੈਨ ਵੀ ਸ਼ਾਮਿਲ ਹੋਏ ਜਿਸ ਦੌਰਾਨ ਅਹਿਮ ਵਿਕਾਸ ਪ੍ਰੋਜੈਕਟਾਂ ਬਾਰੇ ਚਰਚਾ ਕੀਤੀ ਗਈ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ 28 ਨਵੇਂ ਟਿਊਬਵੈਲ ਅਤੇ ਸੀਵਰੇਜ ਪ੍ਰੋਜੈਕਟ 5 ਦਸੰਬਰ 2024 ਤੱਕ ਮੁਕੰਮਲ ਹੋ ਜਾਣਗੇ। ਇਸ ਤੋਂ ਇਲਾਵਾ 40 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨਾਂ ਦੀ ਕਰਵਾਈ ਜਾ ਰਹੀ ਸਾਫ਼-ਸਫ਼ਾਈ ਬਰਸਾਤ ਦੇ ਪਾਣੀ ਨੂੰ ਇਕੱਠਾ ਹੋਣ ਤੋਂ ਰੋਕੇਗੀ।
ਸਾਫ਼-ਸਫ਼ਾਈ ਵੱਲ ਖਾਸ ਧਿਆਨ ਦਿੰਦਿਆਂ ਉਨ੍ਹਾਂ ਵਲੋਂ ਜਲੰਧਰ ਨਗਰ ਨਿਗਮ ਦੁਆਰਾ ਖ਼ਰੀਦ ਕੀਤੀ ਗਈ ਨਵੀਂ ਮਸ਼ੀਨਰੀ ਨਾਲ ਜਲੰਧਰ ਸ਼ਹਿਰ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਵਿਸ਼ੇਸ਼ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 5 ਕਰੋੜ ਰੁਪਏ ਦੀ ਲਾਗਤ ਨਾਲ 6000 ਨਵੀਆਂ ਸਟਰੀਟ ਲਾਈਟਾਂ ਤੋਂ ਇਲਾਵਾ ਫੋਕਲ ਪੁਆਇੰਟ ਇਲਾਕੇ ਵਿੱਚ 1000 ਲਾਈਟਾਂ ਲਗਾਈਆਂ ਜਾਣਗੀਆਂ।
ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਤਹਿਤ 1138 ਕੈਮਰੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ 1500 ਹੋਰ ਕੈਮਰੇ ਲਗਾਉਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਸੜਕੀ ਬੁਨਿਆਦੀ ਢਾਂਚਾ ਪ੍ਰਗਤੀ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਜਿਸ ਕਰਕੇ 120 ਕਰੋੜ ਰੁਪਏ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਅਤੇ 54 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ।
ਕੈਬਨਿਟ ਮੰਤਰੀਆਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਲੰਮਾ ਪਿੰਡ-ਜੰਡੂ ਸਿੰਗਾ ਰੋਡ, ਮਿੱਠਾਪੁਰ ਰੋਡ ਅਤੇ ਸੂਰੀਆ ਇਨਕਲੇਵ ਦੇ ਸੜਕੀ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਬਿਜਲੀ ਮੰਤਰੀ ਹਰਭਜਨ ਸਿੰਘ ਵਲੋਂ ਬਿਜਲੀ ਵੰਡ ਵਿੱਚ ਵਾਧਾ ਕਰਨ ਲਈ ਗਦੱਈਪੁਰ ਅਤੇ 66 ਫੁੱਟੀ ਸੜਕ ’ਤੇ ਨਵੇਂ ਪਾਵਰ ਗਰਿੱਡ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਗਿਆ। ਵਿਕਾਸ ਵੱਲ ਇਕ ਹੋਰ ਪੁਲਾਂਘ ਭਰਦਿਆਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀਆਂ ਜਰੂਰਤਾਂ ਅਨੁਸਾਰ 25 ਐਮ.ਐਲ.ਡੀ. ਸਮਰੱਥਾ ਵਾਲਾ ਨਵਾਂ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਉਲੀਕੀ ਗਈ ਹੈ।
ਇਸ ਮੌਕੇ ਦਿਹਾਤੀ ਖੇਤਰਾਂ ਵਿੱਚ ਨਗਰ ਕੌਂਸਲਾਂ ਵਲੋਂ ਵਾਟਰ ਸਪਲਾਈ, ਸੀਵਰੇਜ ਟਰੀਟਮੈਂਟ ਪਲਾਂਟਾਂ ਅਤੇ ਸੜਕੀ ਪ੍ਰੋਜੈਕਟਾਂ ਜਿਸ ਵਿੱਚ ਬਿਲਗਾ ਰਿੰਗ ਰੋਡ ਅਤੇ ਨਕੋਦਰ ਵਿੱਚ ਨਵੇਂ ਪਾਵਰ ਗਰਿੱਡ ਸ਼ਾਮਲ ਹਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਵਲੋਂ ਜ਼ਿਲ੍ਹੇ ਵਿੱਚ ਸ਼ੁਰੂ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਬੰਧਿਤ ਵਿਭਾਗਾਂ ਦੇ ਸੁਚੱਜੇ ਆਪਸੀ ਤਾਲਮੇਲ ’ਤੇ ਵੀ ਜ਼ੋਰ ਦਿੱਤਾ ਗਿਆ।
ਉਨ੍ਹਾਂ ਵਲੋਂ ਜ਼ਿਲ੍ਹੇ ਵਿੱਚ ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਬਾਰੇ ਵੀ ਜਾਇਜ਼ਾ ਲਿਆ ਗਿਆ। ਦੋਵਾਂ ਕੈਬਨਿਟ ਮੰਤਰੀਆਂ ਵਲੋਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸਾਫ਼-ਸਫ਼ਾਈ ਰੱਖਣ ਅਤੇ ਜਨਤਕ ਸੁਵਿਧਾਵਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।
ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ 2,32,00 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੈਨਸ਼ਨ ਸਕੀਮ ਤਹਿਤ ਕੋਈ ਵੀ ਬਿਨੈਪੱਤਰ ਬਕਾਇਆ ਨਹੀਂ ਰਹਿਣਾ ਚਾਹੀਦਾ ਅਤੇ ਇਸ ਕੰਮ ਨੁੂੰ ਪਹਿਲ ਦੇ ਅਧਾਰ ’ਤੇ ਨਿਪਟਾਇਆ ਜਾਵੇ।
ਇਸ ਮੌਕੇ ਚੇਅਰਮੈਨ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨਰ ਚੰਦਨ ਗਰੇਵਾਲ, ਚੇਅਰਮੈਨ ਪੰਜਾਬ ਸਟੇਟ ਘੱਟ ਗਿਣਤੀ ਕਮਿਸ਼ਨ ਅਬਦੁੱਲ ਬਾਹਰੀ ਸਲਮਾਨੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਮੰਗਲ ਸਿੰਘ ਬੱਸੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਵਿੰਦਰ ਕੌਰ ਥਿਆੜਾ, ਦੀਪਕ ਬਾਲੀ, ਦਿਨੇਸ਼ ਢੱਲ, ਜੀਤ ਲਾਲ ਭੱਟੀ, ਪਰਮਿੰਦਰ ਪੰਡੋਰੀ, ਪ੍ਰਿੰਸੀਪਲ ਪ੍ਰੇਮ ਕੁਮਾਰ, ਪਵਨ ਕੁਮਾਰ ਟੀਨੂੰ, ਗੁਰਚਰਨ ਸਿੰਘ ਚੰਨੀ ਵੀ ਸਨ।

Related Post

Leave a Reply

Your email address will not be published. Required fields are marked *