Breaking
Sat. Nov 1st, 2025

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਅਤੇ ਜਥੇਬੰਦੀਆਂ ਨਾਲ ਸ਼ੋਭਾ ਯਾਤਰਾ ਅਤੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਕੀਤੀ ਗਈ ਮੀਟਿੰਗ

ਜਲੰਧਰ, 10 ਫਰਵਰੀ 2024-ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਲਈ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅਧਿਕਾਰੀਆਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੁਲਿਸ, ਸਿਵਲ ਅਤੇ ਨਗਰ ਨਿਗਮ ਵਲੋਂ ਸ਼ੋਭਾ ਯਾਤਰਾ ਲਈ ਸੁਚੱਜੇ ਪ੍ਰਬੰਧ ਕੀਤੇ ਜਾਣਗੇ।

ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਸ਼ੋਭਾ ਯਾਤਰਾ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਗੁਜ਼ਰੇਗੀ ਦੌਰਾਨ ਮਹਿਲਾ ਪੁਲਿਸ ਕਰਮੀਆਂ ਨੂੰ ਤਾਇਨਾਤ ਕਰਨ ਤੋਂ ਇਲਾਵਾ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।

ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸ਼ੋਭਾ ਯਾਤਰਾ ਦੌਰਾਨ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਣ ਲਈ ਅਵਾਜਾਈ ਦੇ ਰੂਟਾਂ ਵਿੱਚ ਲੋੜੀਂਦੇ ਬਦਲਾਅ ਕੀਤਾ ਜਾਣੇ ਚਾਹੀਦੇ ਹਨ।

ਉਨ੍ਹਾਂ ਸਪਸ਼ਟ ਕਿਹਾ ਕਿ ਅਵਾਜਾਈ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਦੇ ਮੱਦੇਨਜ਼ਰ ਡਾ.ਬੀ.ਆਰ.ਅੰਬੇਦਕਰ ਚੌਕ ਅਤੇ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਪੁਲਿਸ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ।

ਇਸੇ ਤਰ੍ਹਾਂ ਨਗਰ ਨਿਗਮ ਜਲੰਧਰ ਨੂੰ ਵੀ ਕਿਹਾ ਗਿਆ ਕਿ ਚੌਕਾਂ ਦੀ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਮੋਬਾਇਲ ਪਖਾਨੇ ਅਤੇ ਸ਼ੋਭਾ ਯਾਤਰਾ ਦੇ ਰਸਤੇ ਦੀ ਸਜਾਵਟ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਾਕਰੀਆਂ ਨੂੰ ਕਿਹਾ ਕਿ ਸਮਾਗਮ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਲਟਕਦੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਇਸ ਮੌਕੇ ਵਿਸ਼ੇਸ਼ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਅਹਿਮ ਸਮਾਗਮ ਨੂੰ ਪੂਰੇ ਉਤਸ਼ਾਹ ਤੇ ਧਾਰਮਿਕ ਰੀਤਾਂ ਅਨੁਸਾਰ ਮਨਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਵੱਖ-ਵੱਖ ਜਥੇਬੰਦੀਆਂ ਵਲੋਂ ਫੀਡਬੈਕ ਅਤੇ ਸੁਝਾਅ ਵੀ ਲਏ ਅਤੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਭਰੋਸਾ ਦੁਆਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਰ ਲੋੜੀਂਦੇ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ।

ਇਸ ਮੌਕੇ ਪੰਜਾਬ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਸ੍ਰੀ ਗੁਰੂ ਰਵਿਦਾਸ ਧਾਮ ਤੋਂ ਸੇਠ ਸਤਪਾਲ ਮਲ, ਸਟੀਫ਼ਨ ਕਲੇਰ, ਜੱਸੀ ਤਲਹਨ, ਹਰਦਿਆਲ ਬੰਗਾ, ਵਿਨੋਦ ਕੌਲ, ਰਾਕੇਸ਼ ਚੌਚਨ, ਵਿਸ਼ਾਲ ਦੁੱਗ, ਮਹਿੰਦਰਪਾਲ, ਤਰਲੋਕ ਕਾਲੀਆ, ਕਮਲ ਬੁੱਧੀਰਾਜਾ, ਐਡਵੋਕੇਟ ਮੱਧੂ, ਐਡਵੋਕੇਟ ਹਰਮਿੰਦਰ ਸਿੰਘ, ਵਿਜੈ ਬੱਧਣ ਅਤੇ ਹੋਰਨਾਂ ਵਲੋਂ ਆਪਣੇ ਵਿਚਾਰ ਰੱਖੇ ਗਏ। ਉਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਮੀਟਿੰਗ ਕਰਨ ਦੀ ਵੀ ਸ਼ਲਾਘਾ ਕੀਤੀ ਗਈ।

By admin

Related Post

Leave a Reply

Your email address will not be published. Required fields are marked *