ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਨੱਬੇਆਂ ਦੇ ਦਹਾਕੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐੱਸ. ਗਿੱਲ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਨਸਲਕੁਸ਼ੀ ਦੀ ਇਕ ਬੇਹੱਦ ਘਿਣਾਉਣੀ ਮਿਸਾਲ ਹੈ, ਜੋ ਦੁਨੀਆ ਦੇ ਸਾਹਮਣੇ ਆਉਣੀ ਅਤੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਬੇਪਰਦ ਕਰਕੇ ਮਿਸਾਲੀ ਸਜ਼ਾਵਾਂ ਮਿਲਣੀਆਂ ਬੇਹੱਦ ਜ਼ਰੂਰੀ ਹਨ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਜਾਰੀ ਕੀਤੇ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਲਗਭਗ 30 ਵਰ੍ਹੇ ਪਹਿਲਾਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵਲੋਂ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕਰਕੇ ਭੇਤਭਰੇ ਤਰੀਕੇ ਨਾਲ ਸ਼ਹੀਦ ਕਰਨ ਸੰਬੰਧੀ ਆਈ.ਪੀ.ਐੱਸ, ਬੀ.ਪੀ. ਤਿਵਾੜੀ ਦੀ ਰਿਪੋਰਟ ‘ਤੇ ਕਾਨੂੰਨੀ ਪੱਖਾਂ ਤੋਂ ਘੋਖ ਕਰਕੇ ਢੁੱਕਵੀਂ ਕਾਰਵਾਈ ਅਤੇ ਭਾਈ ਕਾਉਂਕੇ ਦੇ ਕਾਤਲਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦੇ ਦਿੱਤਾ ਗਿਆ। ਹੈ।
