ਪਿਛਲੇ ਦਿਨੀਂ ਬੰਗਾਲ ਵਿਧਾਨ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੋਰ ਸੰਬੋਧਨ ਕਰ ਕੇ ਨਾਅਰੇਬਾਜ਼ੀ ਕਰਨ ਦੇ ਦੋਸ਼ ’ਚ ਭਾਜਪਾ ਦੇ ਵਿਧਾਇਕ ਸ਼ਿਖਾ ਚੱਟੋਪਾਧਿਆਏ ਤੇ ਮਾਲਤੀ ਰਾਵਾ ਰਾਏ ਨੇ ਮੰਗਲਵਾਰ ਨੂੰ ਕੋਲਕਾਤਾ ਦੇ ਹੇਅਰ ਸਟਰੀਟ ਪੁਲਿਸ ਸਟੇਸ਼ਨ ’ਚ 60 ਤ੍ਰਿਣਮੂਲ ਵਿਧਾਇਕਾਂ ਦੇ ਖਿਲਾਫ਼ ਐੱਫਆਈਆਰ ਦਰਜ ਕਰਾਈ ਹੈ। ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਆਪਣੇ ਐਕਸ ਹੈਂਡਲ ’ਤੇ ਇਸ ਐੱਫਆਈਆਰ ਦੀ ਕਾਪੀ ਸਾਂਝੀ ਕੀਤੀ ਹੈ। ਭਾਜਪਾ ਨੇ ਆਪਣੀ ਸ਼ਿਕਾਇਤ ’ਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਸਮਾਜਿਕ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ।
ਇਸ ਤੋਂ ਪਹਿਲਾਂ ਸੂਬੇ ਦੀ ਮੰਤਰੀ ਚੰਦ੍ਰਿਮਾ ਭੱਟਾਚਾਰੀਆ ਨੇ ਭਾਜਪਾ ਵਿਧਾਇਕਾਂ ਵਲੋਂ ਮਮਤਾ ਚੋਰ ਲਿਖੀ ਟੀ-ਸ਼ਰਟ ਪਾਉਣ ਦੇ ਦੋਸ਼ ’ਚ ਹੇਅਰ ਸਟਰੀਟ ਪੁਲਿਸ ਸਟੇਸ਼ਨ ’ਚ ਭਾਜਪਾ ਵਿਧਾਇਕਾਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਾਈ ਹੈ। ਭਾਜਪਾ ਦੇ ਇਸ ਕਦਮ ਨੂੰ ਜਵਾਬ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਸੁਵੇਂਦੂ ਦੇ ਮੁਤਾਬਕ, ਉਨ੍ਹਾਂ ਨੇ ਇਹ ਜਾਣਦੇ ਹੋਏ ਕਿ ਮਾਮਲੇ ’ਚ ਕੋਈ ਪੁਲਿਸ ਕਾਰਵਾਈ ਨਹੀਂ ਹੋਵੇਗੀ, ਰਿਕਾਰਡ ਲਈ ਐੱਫਆਈਆਰ ਦਰਜ ਕਰਨ ਦਾ ਬਦਲ ਚੁਣਿਆ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਇਕ ਦਿਨ ਤੁਹਾਨੂੰ ਸਾਰਿਆਂ ਨੂੰ ਇਸ ਅਪਮਾਨਜਨਕ ਵਿਵਹਾਰ ਲਈ ਸਜ਼ਾ ਦਿੱਤੀ ਜਾਵੇਗੀ।
