21373 ਨਵੇਂ ਵੋਟਰ ਬਣੇ
ਜ਼ਿਲ੍ਹਾ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਵੋਟਰ ਸੂਚੀ ਦੀਆਂ ਕਾਪੀਆਂ
ਜਲੰਧਰ, 22 ਜਨਵਰੀ 2024- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ’ਤੇ ਤਿਆਰ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਗਈ, ਜਿਸ ਮੁਤਾਬਕ ਜ਼ਿਲ੍ਹੇ ਵਿੱਚ ਕੁੱਲ 1638712 ਵੋਟਰ ਹਨ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਅੰਤਿਮ ਪ੍ਰਕਾਸ਼ਨਾਂ ਉਪਰੰਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀ ਦੀ ਹਾਰਡ ਅਤੇ ਸਾਫ਼ਟ ਕਾਪੀ ਵੀ ਸੌਂਪੀ ਗਈ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1638712 ਵੋਟਰ ਹਨ, ਜਿਸ ਵਿੱਚ 21373 ਨਵੇਂ ਵੋਟਰ ਦਰਜ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕੁੱਲ ਵੋਟਰਾਂ ਵਿੱਚ 852546 ਪੁਰਸ਼, 786122 ਮਹਿਲਾ ਅਤੇ 44 ਤੀਜਾ ਲਿੰਗ ਵੋਟਰ ਸ਼ਾਮਲ ਹਨ। ਨਵੀਂ ਵੋਟਰ ਸੂਚੀ ਮੁਤਾਬਕ ਜ਼ਿਲ੍ਹੇ ਵਿੱਚ 74 ਐਨ.ਆਰ.ਆਈ. ਵੋਟਰ, 9851 ਦਿਵਿਆਂਗ ਵੋਟਰ, 18-19 ਸਾਲ ਉਮਰ ਦੇ 38790 ਵੋਟਰ ਅਤੇ 80 ਸਾਲ ਤੋਂ ਜ਼ਿਆਦਾ ਉਮਰ ਦੇ 35323 ਵੋਟਰ ਹਨ।
ਇਸ ਤੋਂ ਇਲਾਵਾ ਸਰਵਿਸ ਵੋਟਰ ਸੂਚੀ ਦੀ ਪ੍ਰਕਾਸ਼ਨਾ ਵੀ ਕੀਤੀ ਗਈ, ਜਿਸ ਮੁਤਾਬਕ ਜ਼ਿਲ੍ਹੇ ਵਿੱਚ 1841 ਸਰਵਿਸ ਵੋਟਰ ਹਨ।
ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 27 ਅਕਤੂਬਰ 2023 ਨੂੰ ਕੀਤੀ ਗਈ ਸੀ, ਜਿਸ ’ਤੇ ਆਮ ਲੋਕਾਂ ਪਾਸੋਂ 31 ਦਸੰਬਰ 2023 ਤੱਕ ਦਾਅਵੇ ਤੇ ਇਤਰਾਜ਼ਾਂ ਸਬੰਧੀ ਫਾਰਮ ਪ੍ਰਾਪਤ ਕੀਤੇ ਗਏ ਸਨ।
ਇਸ ਤੋਂ ਇਲਾਵਾ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਵੱਲੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨ ਲਈ 4-5 ਨਵੰਬਰ ਅਤੇ 2-3 ਦਸੰਬਰ ਨੂੰ ਵਿਸ਼ੇਸ਼ ਕੈਂਪ ਵੀ ਲਗਾਏ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਆਮ ਲੋਕਾਂ ਪਾਸੋਂ ਪ੍ਰਾਪਤ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਨਿਰਧਾਰਿਤ ਮਿਤੀ 12 ਜਨਵਰੀ 2024 ਤੱਕ ਕੀਤਾ ਗਿਆ।
ਵਿਧਾਨ ਸਭਾ ਹਲਕਾਵਾਰ ਵੋਟਰਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਉਪਰੰਤ ਵਿਧਾਨ ਸਭਾ ਹਲਕਾ 30-ਫਿਲੌਰ ਵਿਖੇ ਸਭ ਤੋਂ ਵੱਧ 201652 ਵੋਟਰ ਹਨ। ਜਦਕਿ ਹਲਕਾ 31-ਨਕੋਦਰ ਵਿਖੇ 193960, 37-ਜਲੰਧਰ ਛਾਉਣੀ ਵਿਚ 187177,33-ਕਰਤਾਰਪੁਰ ਵਿਖੇ 184179, 36-ਜਲੰਧਰ ਉੱਤਰੀ ਵਿਖੇ 183814, 32-ਸ਼ਾਹਕੋਟ ਵਿੱਚ 181905, 35-ਜਲੰਧਰ ਕੇਂਦਰੀ ਵਿਖੇ 171544, 34-ਜਲੰਧਰ ਪੱਛਮੀ ਵਿਖੇ 169104 ਅਤੇ 38-ਆਦਮਪੁਰ ਵਿਖੇ ਕੁੱਲ 165377 ਵੋਟਰ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਸਰੀ ਸੁਧਾਈ ਦੌਰਾਨ ਯੋਗਤਾ ਮਿਤੀ 1 ਜਨਵਰੀ 2024 ਤੋਂ ਇਲਾਵਾ ਹੁਣ ਕੋਈ ਵੀ ਯੋਗ ਨਾਗਰਿਕ, ਜੋ ਕਿ 1 ਅਪ੍ਰੈਲ, 1 ਜੁਲਾਈ ਜਾਂ 1 ਅਕਤੂਬਰ 2024 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹੈ, ਵੋਟਰ ਵਜੋਂ ਰਜਿਸਟਰ ਹੋਣ ਲਈ ਯੋਗਤਾ ਮਿਤੀ ਤੋਂ ਅਗਾਊਂ ਫਾਰਮ ਨੰ. 6 ਭਰ ਸਕਦਾ ਹੈ, ਜਿਸ ਨੂੰ ਸਬੰਧਤ ਤਿਮਾਹੀ ਵਿੱਚ ਵਿਚਾਰਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ www.nvsp.in ਅਤੇ ਵੋਟਰ ਹੈਲਪਲਾਈਨ ਮੋਬਾਇਲ ਐਪ ’ਤੇ ਘਰ ਬੈਠੇ ਵੋਟ ਬਣਾਉਣ ਲਈ ਫਾਰਮ ਭਰਿਆ ਜਾ ਸਕਦਾ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।
