ਏ.ਡੀ.ਸੀ. ਨੇ ਆਈ.ਟੀ.ਆਈਜ਼, ਪੋਲੀਟੈਕਨਿਕ ਤੇ ਇੰਜਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ’ਚ ਵੱਧ-ਚੜ੍ਹ ਕੇ ਭਾਗ ਲੈਣ ਦਾ ਦਿੱਤਾ ਸੱਦਾ
ਜਲੰਧਰ, 19 ਅਗਸਤ 2025 :- ਐਸ.ਡੀ.ਐਮ. ਵਿਵੇਕ ਕੁਮਾਰ ਮੋਦੀ (ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ) ਨੇ ਜ਼ਿਲ੍ਹੇ ਦੇ ਸਮੂਹ ਆਈ.ਟੀ.ਆਈਜ਼, ਪੋਲੀਟੈਕਨਿਕ, ਇੰਜਨੀਅਰਿੰਗ ਕਾਲਜਾਂ ਅਤੇ ਸਕਿੱਲ ਸੈਂਟਰਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਇੰਡੀਆ ਸੱਕਿਲ ਕੰਪੀਟੀਸ਼ਨ-2025 ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਅਤੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।
       ਸ਼੍ਰੀ ਮੋਦੀ ਨੇ ਦੱਸਿਆ ਕਿ ਇਹ ਮੁਕਾਬਲਾ ਚਾਰ ਪੱਧਰਾਂ ’ਤੇ ਹੋ ਰਿਹਾ ਹੈ, ਜਿਸ ਵਿੱਚ ਰਾਸ਼ਟਰੀ ਪੱਧਰ ਦੇ ਜੇਤੂ ਨੂੰ ਚੀਨ ਦੇ ਸ਼ੰਘਾਈ ਸ਼ਹਿਰ ਵਿਖੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਚਾਹਵਾਨ 30 ਸਤੰਬਰ 2025 ਤੱਕ ਇੰਡੀਆ ਸਕਿੱਲ ਕੰਪੀਟੀਸ਼ਨ-2025 ਲਈ ਅਪਲਾਈ ਕਰ ਸਕਦੇ ਹਨ।
      ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਆਈ.ਟੀ.ਆਈ.-ਏਅਰ ਕ੍ਰਾਫਟ ਮੈਂਟੇਨੈਂਸ, ਸਾਈਬਰ ਸਕਿਓਰਿਟੀ ਸਮੇਤ 63 ਤਰ੍ਹਾਂ ਦੇ ਸਕਿੱਲ ਟ੍ਰੇਡ ਹਨ, ਜਿਸ ਵਿੱਚ ਉਮੀਦਵਾਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਦੇ ਹਨ। ਇਸ ਵਿੱਚ 13 ਕੈਟਾਗਰੀਜ਼ ਅਜਿਹੀਆਂ ਹਨ, ਜਿਸ ਦੇ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਦਾ ਜਨਮ 1 ਜਨਵਰੀ 2004 ਜਾਂ ਇਸ ਤੋਂ ਬਾਅਦ ਅਤੇ 50 ਕੈਟਾਗਰੀਜ਼ ਵਿੱਚ ਭਾਗ ਲੈਣ ਲਈ ਉਮੀਦਵਾਰ ਦਾ ਜਨਮ 1 ਜਨਵਰੀ 2001 ਜਾਂ ਉਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।
ਇਸ ਮੁਕਾਬਲੇ ਵਿੱਚ ਨੌਜਵਾਨਾਂ ਨੂੰ ਜਿਥੇ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਹੋ ਕੇ ਰਾਜ ਪੱਧਰ, ਰਿਜਨਲ ਅਤੇ ਰਾਸ਼ਟਰੀ ਪੱਧਰ ֹ’ਤੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ ਉਥੇ ਵਿਸ਼ਵ ਸਕਿੱਲ ਕੰਪੀਟੀਸ਼ਨ 2026, ਜੋ ਕਿ ਚੀਨ ਦੇ ਸ਼ੰਘਾਈ ਸ਼ਹਿਰ ਵਿੱਚ ਹੋਵੇਗਾ, ਲਈ ਕੁਆਈਫਾਈ ਕਰਨ ਦਾ ਮੌਕਾ ਮਿਲੇਗਾ।
ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰ www.skillindiadigital.gov.in ਵੈਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜਿਲ ਸਥਿਤ ਕਮਰਾ ਨੰ. 320 ਵਿਖੇ ਸੰਪਰਕ ਕਰ ਸਕਦੇ ਹਨ।



 
                        