ਕਿਸੇ ਕੀਮਤ ‘ਤੇ ਕਾਰਪੋਰੇਟਾਂ ਨੂੰ ਪੰਜਾਬ ਦੀਆਂ ਉਪਜਾਊ ਜਮੀਨਾਂ ਹੜੱਪਣ ਨਹੀਂ ਦਿਆਗੇਂ- ਢੇਸੀ,ਭੈਣੀ।
ਫਿਲੌਰ, 7 ਅਗਸਤ 2025 :- ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਮੱਖਣ ਸੰਗਰਾਮੀ, ਗਗਨਦੀਪ ਗੱਗਾ ਫਿਲੌਰ ਅਤੇ ਅਮਰੀਕ ਰੁੜਕਾਂ ਦੀ ਪ੍ਰਧਾਨਗੀ ਹੇਠ ਲੈਂਡ ਪੂਲਿੰਗ ਨੀਤੀ ਦੇ ਵਿਰੋਧ ‘ਚ ਸ਼ਹਿਰ ਅੰਦਰ ਮਾਰਚ ਕਰਨ ਉਪਰੰਤ ਨਵਾਂ ਸ਼ਹਿਰ ਚੌਂਕ ਫਿਲੌਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜਾਹਰਾ ਕੀਤਾ ਗਿਆ।
ਇਸ ਮੌਕੇ ਹਾਜ਼ਰ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜਿਲ੍ਹਾਂ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ-ਕਿਸਾਨ ਵਿਰੋਧੀ ਨੀਤੀਆਂ ਨੂੰ ਪੰਜਾਬ ਅੰਦਰ ਸਖਤੀ ਨਾਲ ਲਾਗੂ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕਾਰਪੋਰੇਟ ਪੱਖੀ ਆਪ ਪਾਰਟੀ ਦੀ ਸਰਕਾਰ ਹੁਣ ਦਮਨਕਾਰੀ ਨੀਤੀ ‘ਤੇ ਉਤਰ ਆਈ ਹੈ, ਇਸ ਚਿੰਤਾਜਨਕ ਸਥਿਤੀ ਦਾ ਮੁਕਾਬਲਾ ਕਰਨ ਲਈ ਨੌਜਵਾਨ-ਵਿਦਿਆਰਥੀਆਂ ਨੂੰ ਲਾਮਬੰਦ ਹੋ ਕੇ ਲੋਕ ਏਕਤਾ ਲਈ ਊਸਾਰਨਾ ਦੀ ਲੋੜ ਹੈ।
ਉਹਨਾਂ ਅੱਗੇ ਕਿਹਾ ਕਿ ਕਾਰਪੋਰੇਟਾਂ ਅਤੇ ਸਾਮਰਾਜੀ ਤਾਕਤਾਂ ਦੀ ਭਾਈਵਾਲ ਪੰਜਾਬ ਸਰਕਾਰ ਕਦੇ ਵੀ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਬਲਕਿ ਇਹ ਕਿਰਤ ਕਰਨ ਵਾਲੇ ਲੋਕਾਂ ਨੂੰ ਉਜਾੜ ਕੇ ਉਪਜਾਊ ਜਮੀਨਾਂ ਕਾਰਪੋਰੇਟਾਂ ਨੂੰ ਕੋਡੀਆਂ ਭਾਅ ਦੇਣਾ ਚਾਹੁੰਦੀ ਹੈ ਪਰ ਪੰਜਾਬ ਦੀ ਜਵਾਨੀ ਲਾਮਬੰਦ ਹੋ ਕੇ ਇਹ ਨੀਤੀ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਹਾਜ਼ਰ ਸਭਾ ਦੇ ਤਹਿਸੀਲ ਸਕੱਤਰ ਸਾਥੀ ਸੁਨੀਲ ਭੈਣੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੌਰਾਨ ਇਸ ਨੀਤੀ ਨੂੰ ਰੱਦ ਨਹੀਂ ਕਰਦੀ ਤਾਂ ਸਭਾ ਇਸ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਵੱਡੀ ਗਿਣਤੀ ਸ਼ਾਮਲ ਨੌਜਵਾਨਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਸ਼ਹਿਰ ਵਾਸੀਆਂ ਨੂੰ ਅਜਿਹੀਆਂ ਨੀਤੀਆਂ ਖਿਲਾਫ਼ ਜਥੇਬੰਦ ਹੋਣ ਦਾ ਸੁਨੇਹਾ ਦਿੱਤਾ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਿੰਦਰਜੀਤ ਗੈਰੀ, ਜਸਵੀਰ ਢੇਸੀ, ਇੰਦਰਜੀਤ, ਗੁਰਵਿੰਦਰ, ਸਨੀ ਜੱਸਲ, ਜੱਸਾ, ਰਿੱਕੀ ਮਿਓਵਾਲ, ਲਖਵੀਰ ਖੋਖੇਵਾਲ, ਓਕਾਰ ਵਿਰਦੀ, ਤਿਲਕ ਰਾਜ, ਦਲਜੀਤ ਭੱਟੀ, ਜੱਸਾ ਫਿਲੌਰ, ਲਵਰਾਜ ਬਿਰਦੀ, ਜੋਗਾ ਸੰਗੋਵਾਲ, ਜੱਸਾ ਰੁੜਕਾ, ਜਸਵੀਰ ਫਿਲੌਰ ਆਦਿ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ।



