ਜਾਇਦਾਦਾਂ ਦੀ ਬੰਦ ਰਜਿਸਟਰੇਸ਼ਨ ਚਾਲੂ ਕਰਵਾਉਣ ਤੇ ਪੈਰੀ ਫੇਰੀ ਸੜਕ ਬਣਾਉਣ ਦੀ ਵੀ ਕੀਤੀ ਮੰਗ
ਜਲੰਧਰ 30 ਜੁਲਾਈ 2025:- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਜਲੰਧਰ ਛਾਉਣੀ ਦੀ ਇਤਿਹਾਸਕ ਈਦਗਾਹ ਨੂੰ ਖਾਲੀ ਕਰਨ ਦਾ ਵਿਰੋਧ ਕਰਦਿਆਂ ਇਹ ਮੁੱਦਾ ਚੁੱਕਿਆ। ਚਰਨਜੀਤ ਸਿੰਘ ਚੰਨੀ ਲੋਕ ਸਭਾ ਵਿੱਚ ਬੋਲਦਿਆਂ ਕਿਹਾ ਕਿ ਜਲੰਧਰ ਛਾਉਣੀ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਈਦਗਾਹ ਜੋ ਕਿ 1909 ਤੋਂ ਬਣੀ ਹੋਈ ਹੈ। ਉਨਾ ਦੱਸਿਆ ਕਿ 1.78 ਏਕੜ ਦੇ ਕੈਂਟ ਈਦਗਾਹ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਦੇ ਹਨ।ਇਸ ਜ਼ਮੀਨ ਨੂੰ 2 ਦਸੰਬਰ 1995 ਨੂੰ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤਹਿਤ ਅਧਿਕਾਰਤ ਤੌਰ ‘ਤੇ ਵਕਫ਼ ਜਾਇਦਾਦ ਵਜੋਂ ਘੋਸ਼ਿਤ ਵੀ ਕਰ ਦਿੱਤਾ ਹੈ ਅਤੇ ਪੰਜਾਬ ਵਕਫ਼ ਬੋਰਡ ਕੋਲ ਜ਼ਮੀਨ ਦੀ ਪੂਰੀ ਮਾਲਕੀ ਹੈ ਜੋ ਕਿ ਛਾਉਣੀ ਬੋਰਡ ਦੇ ਰਿਕਾਰਡ ਵਿੱਚ ਵੀ ਦਰਜ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਜਲੰਧਰ ਛਾਉਣੀ ਬੋਰਡ ਨੇ 17 ਜੁਲਾਈ 2025 ਨੂੰ ਇੱਕ ਨੋਟਿਸ ਜਾਰੀ ਕੀਤਾ, ਜਿਸ ਵਿੱਚ ਮਾਮਲਾ ਅਦਾਲਤ ਵਿੱਚ ਹੋਣ ਦੇ ਬਾਵਜੂਦ, ਵੀ ਈਦਗਾਹ ਨੂੰ 10 ਦਿਨਾਂ ਦੇ ਅੰਦਰ ਖਾਲੀ ਕਰਨ ਲਈ ਕਿਹਾ ਗਿਆ ਸੀ। ਉੱਨਾਂ ਇਸ ਨੋਟਿਸ ਦਾ ਵਿਰੋਧ ਕਰਦਿਆਂ ਇਸ ਜਮੀਨ ਤੇ ਮੁਸਲਿਮ ਭਾਈਚਾਰੇ ਦਾ ਹੱਕ ਹੋਣ ਦੀ ਗੱਲ ਕਹੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਕਾਰਵਾਈ, ਕਥਿਤ ਤੌਰ ‘ਤੇ ਪੀਪੀ ਐਕਟ ਰਾਹੀਂ ਕੀਤੀ ਗਈ ਹੈ ਜੋ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਸਪੱਸ਼ਟ ਉਲੰਘਣਾ ਹੈ। ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਮੰਗ ਕੀਤੀ ਕਿ ਅਦਾਲਤੀ ਕਾਰਵਾਈ ਦੌਰਾਨ ਅਜਿਹੀਆਂ ਕਾਰਵਾਈਆਂ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਨਾਂ ਇਸ ਵਿੱਚ ਰੱਖਿਆ ਮੰਤਰੀ ਨੂੰ ਤੁਰੰਤ ਦਖਲ ਦੇਣ ਤੇ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਸਥਿਤੀ ਨੂੰ ਯਕੀਨੀ ਬਣਾਉਣ ਅਤੇ ਵਕਫ਼ ਦੀ ਮਲਕੀਅਤ ਵਾਲੀ ਈਦਗਾਹ ਵਿਰੁੱਧ ਇਸ ਗੈਰ-ਕਾਨੂੰਨੀ ਅਤੇ ਪੱਖਪਾਤੀ ਮੁਹਿੰਮ ਨੂੰ ਰੋਕਣ ਦੀ ਬੇਨਤੀ ਕੀਤੀ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਛਾਉਣੀ ਵਿੱਚ ਆਮ ਲੋਕਾਂ ਨੂੰ ਅਲਾਟ ਕੀਤੀਆਂ ਗਈਆਂ ਜਾਇਦਾਦਾਂ ਦੀ ਰਜਿਸਟਰੇਸ਼ਨ ਬੰਦ ਹੋਣ ਦਾ ਮੁੱਦਾ ਵੀ ਚੁੱਕਿਆ ਤੇ ਕਿਹਾ ਕਿ ਛਾਉਣੀ ਵਿੱਚ ਆਉਂਦੇ 13 ਪਿੰਡਾਂ ਲਈ ਪੈਰੀ ਫੇਰੀ ਸੜਕ ਬਣਾਈ ਜਾਵੇ ਤਾਂ ਜੋ ਇਸ ਦਾ ਫੌਜ ਨੂੰ ਫ਼ਾਇਦਾ ਮਿਲ ਸਕੇਗਾ।
ਲੋਕ ਸਭਾ ‘ਚ ਚੰਨੀ ਨੇ ਜਲੰਧਰ ਛਾਉਣੀ ‘ਚ ਈਦਗਾਹ ਨੂੰ ਖਾਲੀ ਕਰਨ ਵਿਰੁੱਧ ਮੁੱਦਾ ਉਠਾਇਆ
