ਫਿਲੌਰ, 21 ਜੁਲਾਈ 2025 :- ਅੱਜ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 38ਵੀਂ ਬਰਸੀ ਮੌਕੇ ਪਿੰਡ ਮੁਠੱਡਾ ਕਲਾਂ ਵਿਖੇ ਇੱਕ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਇਤਿਹਾਸ ‘ਚ ਨਾਮਧਾਰੀਆਂ ਵਲੋਂ ਦੇਸ਼ ਦੀ ਆਜ਼ਾਦੀ ‘ਚ ਵੱਡਾ ਯੋਗਦਾਨ ਪਾਇਆ ਗਿਆ। ਇਸ ਦੌਰਾਨ ਸ਼ਹੀਦ ਭਗਤ ਸਿੰਘ ਨੇ ਮੁਠੱਡਾ ਕਲਾਂ ‘ਚ ਪਹਿਲੀ ਵਾਰ ਆਪਣੀ ਜ਼ਿੰਦਗੀ ਦਾ ਭਾਸ਼ਣ ਕੀਤਾ ਸੀ।
ਪ੍ਰੋ. ਜਗਮੋਹਣ ਸਿੰਘ ਨੇ ਨੌਜਵਾਨਾਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਇਤਿਹਾਸ ਨਾਲ ਜੁੜਨ ਅਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧਣ। ਅੰਤਰਰਾਸ਼ਟਰੀ ਅਵਸਥਾ ਬਾਰੇ ਉਨ੍ਹਾਂ ਕਿਹਾ ਕਿ ਪੂੰਜੀਵਾਦ ਚਾਹੁੰਦਾ ਹੈ ਕਿ ਲੋਕਾਂ ਦੀ ਏਕਤਾ ਨਾ ਬਣੇ। ਇਸ ਦੌਰਾਨ ਪੂੰਜੀ ਕੁੱਝ ਹੱਥਾਂ ‘ਚ ਕੇਂਦਰਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਵ-ਉਦਾਰਵਾਦੀ ਨੀਤੀਆਂ ਦੀ ਪਹਿਲਾ ਚਿੱਲੀ ‘ਚ ਵੀ ਪਰਖ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਾਰੀਆਂ ਦੁਨੀਆ ‘ਚ ਇਹ ਨੀਤੀਆਂ ਲਾਗੂ ਕਰਕੇ ਤਬਾਹੀ ਮਚਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਂਝੀਵਾਲਤਾ ਤੋਂ ਬਿਨਾਂ ਮਨੁੱਖਤਾ ਦਾ ਭਲਾ ਨਹੀਂ ਹੋ ਸਕਦਾ। ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕੱਠ ਤੋਂ ਬਿਨ੍ਹਾਂ ਬੰਧਨਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ।

ਇਸ ਮੌਕੇ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਡਾ. ਮੁਠੱਡਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਏਕਤਾ ਆਖੰਡਤਾ ਦੀ ਰਾਖੀ ਲਈ ਕੀਤੀ ਕੁਰਬਾਨੀ ਆਜ਼ਾਈ ਨਹੀਂ ਜਾਵੇਗੀ। ਇਸ ਤੋਂ ਪਹਿਲਾ ਪ੍ਰੋ. ਜਗਮੋਹਣ ਨੇ ਕਾਮਰੇਡ ਨਿਰੰਜਣ ਸਿੰਘ ਮੁਠੱਡਾ ਮੈਮੋਰੀਅਲ ਵਲੋਂ ਵਿਗਿਆਨਕ ਚੇਤਨਾ ਕੇਂਦਰ ਦੇ ਲੋਕ ਅਰਪਣ ਦੀ ਰਸਮ ਨੂੰ ਅਦਾ ਕੀਤਾ। ਸਮਾਗਮ ਦੌਰਾਨ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਕਾਮਰੇਡ ਸੰਤੋਖ ਸਿੰਘ ਬਿਲਗਾ, ਡਾ. ਸਰਬਜੀਤ ਮੁਠੱਡਾ, ਗੁਰਪਾਲ ਸਿੰਘ ਨੰਬਰਦਾਰ, ਮਨਮੋਹਣ ਸ਼ਰਮਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਸਟੇਜ ‘ਤੇ ਸ਼ਸ਼ੋਭਤ ਸਨ।
ਇਸ ਮੌਕੇ ਆਰਐੱਮਪੀਆਈ ਦੇ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਕੁਲਦੀਪ ਫਿਲੌਰ, ਮੇਜਰ ਫਿਲੌਰ, ਗੁਰਦੀਪ ਗੋਗੀ, ਐਡਵੋਕੇਟ ਅਜੈ ਫਿਲੌਰ, ਮੱਖਣ ਸੰਗਰਾਮੀ, ਰਾਮ ਨਾਥ ਦੁਸਾਂਝ, ਬਲਵਿੰਦਰ ਸਰਗੁੰਦੀ, ਤਰਜਿੰਦਰ ਧਾਲੀਵਾਲ, ਕੁਲਦੀਪ ਵਾਲੀਆ, ਬਲਜਿੰਦਰ ਬੱਬੀ, ਅਮਰੀਕ ਰੁੜਕਾ, ਸੁਰਜੀਤ ਬਿਲਗਾ ਆਦਿ ਹਾਜ਼ਰ ਸਨ।
