Breaking
Wed. Dec 31st, 2025

ਈ-ਗਵਰਨੈਂਸ ਰਾਹੀਂ ਸੇਵਾਵਾਂ ਪ੍ਰਦਾਨ ਕਰਨ ’ਚ ਜਲੰਧਰ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਕੀਤਾ ਹਾਸਲ

ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਨਾਗਰਿਕ ਸੇਵਾਵਾਂ ਸਬੰਧੀ ਵੱਧ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕਰਨ ’ਚ ਜ਼ਿਲ੍ਹਾ ਮੋਹਰੀ

ਡਿਪਟੀ ਕਮਿਸ਼ਨਰ ਵੱਲੋਂ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ’ਚ ਉੱਚ ਸਥਾਨ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਲਈ ਅਧਿਕਾਰੀਆਂ ਦਾ ਸਨਮਾਨ

ਜਲੰਧਰ, 24 ਦਸੰਬਰ 2025 :– ਨਿਰਧਾਰਿਤ ਸਮੇਂ ਸੀਮਾਂ ਦੇ ਅੰਦਰ ਨਾਗਰਿਕ ਸੇਵਾਵਾਂ ਸਬੰਧੀ ਸਭ ਤੋਂ ਵੱਧ ਅਰਜ਼ੀਆਂ ਦਾ ਸੁਚਾਰੂ ਢੰਗ ਨਾਲ ਨਿਪਟਾਰਾ ਕਰਕੇ ਜ਼ਿਲ੍ਹਾ ਜਲੰਧਰ ਨੇ ਈ-ਗਵਰਨੈਂਸ ਸੇਵਾ ਨਿਪਟਾਰੇ ’ਚ ਪੰਜਾਬ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ। ਇਹ ਪ੍ਰਾਪਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਪਾਰਦਰਸ਼ਤਾ, ਕੁਸ਼ਲਤਾ ਅਤੇ ਜਨਤਕ ਸੇਵਾਵਾਂ ਦੀ ਸਮਾਂਬੱਧ ਸਪੁਰਦਗੀ ‘ਤੇ ਨਿਰੰਤਰ ਤਵਜੋਂ ਨੂੰ ਦਰਸਾਉਂਦੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਡਾ. ਸੁਮਿਤਾ ਅਬਰੋਲ, ਲੋਕਲ ਰਜਿਸਟਰਾਰ (ਜਨਮ ਅਤੇ ਮੌਤ), ਨਗਰ ਨਿਗਮ ਜਲੰਧਰ ਅਤੇ ਡਾ. ਜੋਤੀ ਫੁਲੇਕਾ, ਸਹਾਇਕ ਜ਼ਿਲ੍ਹਾ ਰਜਿਸਟਰਾਰ (ਏ.ਡੀ.ਆਰ.), ਸਿਵਲ ਸਰਜਨ ਦਫ਼ਤਰ, ਜਲੰਧਰ ਨੂੰ ਇਸ ਪ੍ਰਾਪਤੀ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸਨਮਾਨਿਤ ਕੀਤਾ। ਇਨ੍ਹਾਂ ਦੇ ਸੁਹਿਰਦ ਯਤਨਾਂ ਨੇ ਜਲੰਧਰ ਨੂੰ ਸੂਬੇ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਸ਼ਾਮਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਅਧਿਕਾਰੀਆਂ ਨੇ ਫੌਰੀ ਅਤੇ ਨਾਗਰਿਕ-ਕੇਂਦਰਿਤ ਸੇਵਾ ਪ੍ਰਦਾਨ ਕਰਨ ਵਿੱਚ ਮਿਸਾਲ ਕਾਇਮ ਕਰਦਿਆਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਾਲ ਸਬੰਧਤ 97 ਫੀਸਦੀ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਫ਼ਲਤਾਪੂਰਵਕ ਕੀਤਾ। ਡਾ. ਅਗਰਵਾਲ ਨੇ ਜ਼ਿਲ੍ਹੇ ਭਰ ਦੇ ਵੱਖ-ਵੱਖ ਸੇਵਾ ਕੇਂਦਰਾਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਟਾਫ਼ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਅਰਜ਼ੀਆਂ ਦੀ ਨਿਰਵਿਘਨ ਪ੍ਰੋਸੈਸਿੰਗ ਨੂੰ ਯਕੀਨੀ ਬਣਾਉਣ ਅਤੇ ਜਨਤਾ ਨੂੰ ਸਮਾਂਬੱਧ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਵੱਲੋਂ ਨਿਯਮਿਤ ਨਿਗਰਾਨੀ, ਤਕਨੀਕ ਦੀ ਵਰਤੋਂ ਅਤੇ ਜਵਾਬਦੇਹੀ ਰਾਹੀਂ ਨਾਗਰਿਕ ਸੇਵਾਵਾਂ ਦੇ ਮੁੱਖ ਮਾਪਦੰਡਾਂ ਦੀ ਮਜ਼ਬੂਤੀ ਲਈ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਮੂਹਿਕ ਯਤਨਾਂ ਨਾਲ ਜ਼ਿਲ੍ਹਾ ਆਉਣ ਵਾਲੇ ਸਮੇਂ ਵਿੱਚ ਵੀ ਸੂਬੇ ਵਿੱਚ ਆਪਣੀ ਮੋਹਰੀ ਪੁਜ਼ੀਸ਼ਨ ਨੂੰ ਕਾਇਮ ਰੱਖੇਗਾ।

Related Post

Leave a Reply

Your email address will not be published. Required fields are marked *