Breaking
Sun. Nov 16th, 2025

ਬਿਲਗਾ ਦਾ NRI ਦਿੱਲੀ ਜਾ ਰਿਹਾ ਲੁੱਟਿਆ ਗਿਆ

ਦਿੱਲੀ ਜਾ ਰਿਹਾ ਟੈਕਸੀ ਡਰਾਈਵਰ ਦੀ ਮਦਦ ਨਾਲ਼ ਪਰਵਾਸੀ ਜੋੜੇ ਤੋਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟੇ

ਬਿਲਗਾ, 16 ਨਵੰਬਰ 2025 :- ਸ਼ੰਭੂ ਬਾਰਡਰ ਦੇ ਨੇੜੇ 10 ਨਵੰਬਰ ਨੂੰ, ਮੋਟਰ ਸਾਈਕਲ ਉੱਤੇ ਸਵਾਰ ਇਕ ਲੁਟੇਰੇ ਵੱਲੋਂ, ਟੈਕਸੀ ਡਰਾਈਵਰ ਨਾਲ਼ ਰਲ਼ ਕੇ, ਟੈਕਸੀ ਵਿਚ ਸਵਾਰ ਹੋ ਕੇ ਦਿੱਲੀ ਜਾ ਰਹੇ, ਇਕ ਪਰਵਾਸੀ ਜੋੜੇ ਤੋਂ ਤਕਰੀਬਨ ਬਾਰਾਂ ਲੱਖ ਰੁਪਏ ਦੀ ਦੇਸੀ-ਵਿਦੇਸ਼ੀ ਨਕਦੀ ਅਤੇ ਗਹਿਣੇ ਲੁੱਟ ਲਏ ਗਏ।

ਇਹ ਜਾਣਕਾਰੀ, ਪਿੰਡ ਬਿਲਗਾ (ਜਲੰਧਰ) ਜੰਮਪਲ , ਆਸਟਰੀਆ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਹੋਏ ਅਤੇ ਤੇ ਲੁੱਟੇ ਗਏ ਤਕਰੀਬਨ 65 ਸਾਲਾਂ ਦੇ ਵਿਅਕਤੀ ਰਾਮ ਲੁਭਾਇਆ ਨੇ ਫੋਨ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਸਵਰੂਪ ਨਗਰ, ਦਿੱਲੀ ਵਿਚ ਇਸ ਸਬੰਧੀ ਅੱਵਲ ਸੂਚਨਾ ਰਿਪੋਰਟ ਐੱਫ. ਆਈ. ਆਰ. ਦਰਜ ਕਰਾ ਦਿੱਤੀ ਹੈ ਤੇ ਟੈਕਸੀ ਅਤੇ ਡਰਾਈਵਰ ਦੀ ਤਸਵੀਰ ਤੇ ਉਸ ਦੇ ਪਛਾਣ ਪੱਤਰ ਦੀਆਂ ਕਾਪੀਆਂ ਪੁਲੀਸ ਨੂੰ ਦੇ ਦਿੱਤੀਆਂ ਹਨ, ਪਰ ਅਜੇ ਤਕ ਕੋਈ ਗ਼ਿ੍ਫਤਾਰੀ ਨਹੀਂ ਹੋਈ।

ਲੁੱਟੇ ਗਏ ਮੁਸਾਫ਼ਰਾਂ ਦੇ ਦੱਸਣ ਅਨੁਸਾਰ, ਉਹ (ਰਾਮ ਲੁਭਾਇਆ) ਤੇ ਉਸ ਦੀ ਪਤਨੀ ਪ੍ਰਦੀਪ, ਵਾਰਦਾਤ ਵਾਲ਼ੇ ਦਿਨ, ਆਪਣੇ ਕਿਸੇ ਜਾਣਕਾਰ ਰਾਹੀਂ ਬੁੱਕ ਕਰਾਈ ਹੋਈ ਕਾਰ (ਨੰਬਰ PB 01F 1814) ਵਿਚ ਸਵਾਰ ਹੋ ਕੇ, ਦਿੱਲੀ ਵਿਚ ਆਪਣੇ ਰਿਸ਼ਤਦਾਰਾਂ ਨੂੰ ਮਿਲ਼ਣ ਜਾ ਰਹੇ ਸਨ ਕਿ ਡਰਾਈਵਰ ਸੰਜੀਵ ਘਈ ਨੇ ਸ਼ੰਭੂ ਬਾਰਡਰ ਨੇੜੇ ਆਪਣੀ ਮਰਜ਼ੀ ਦੇ ਕਿਸੇ ਢਾਬੇ ਉੱਤੇ ਗੱਡੀ ਰੋਕੀ ਤੇ ਉਨ੍ਹਾਂ ਨੂੰ ਰੋਟੀ ਖਾਣ ਲਈ ਕਿਹਾ।

ਇਸ ਜੋੜੇ ਦੇ ਦੱਸਣ ਅਨੁਸਾਰ, ਉਨ੍ਹਾਂ ਨੇ ਡਰਾਈਵਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਰ ਵਿਚ ਪਿਆ ਲੇਡੀਜ਼ ਬੈਗ ਚਾਹੀਦਾ ਹੈ ਕਿਉਂ ਕਿ ਢਾਬੇ ਉੱਤੇ ਰੋਟੀ-ਪਾਣੀ ਦਾ ਬਿੱਲ ਦੇਣ ਲਈ ਪੈਸੇ ਤਾਂ ਉਸ ਬੈਗ ਵਿਚ ਹੀ ਹਨ। ਡਰਾਈਵਰ ਨੇ ਕਿਹਾ ਕਿ ਉਸ ਦੀ ਗੱਡੀ ਪੂਰੀ ਤਰ੍ਹਾਂ ਲੌਕਡ ਹੈ, ਜਿਸ ਕਰ ਕੇ, ਉਹ ਬੈਗ ਬਾਰੇ ਕੋਈ ਫ਼ਿਕਰ ਨਾ ਕਰਨ। ਉਹ ਰੋਟੀ ਖਾਣ ਲੱਗ ਪਏ ਤੇ ਡਰਾਈਵਰ ਉੱਥੋਂ ਉਰ੍ਹਾਂ-ਪਰ੍ਹਾਂ ਹੋ ਗਿਆ। ਸ਼ਾਇਦ ਉਸ ਦੌਰਾਨ, ਉਸ ਨੇ ਉਸ ਬੈਗ ਦੀ ਤਲਾਸ਼ੀ ਲੈ ਲਈ ਸੀ, ਜਿਸ ਵਿਚ ਤਿੰਨ ਜੋੜੇ ਸੋਨੇ ਦੀਆਂ ਵਾਲ਼ੀਆਂ, ਦੋ ਸੋਨੇ ਦੀਆਂ ਮੁੰਦੀਆਂ, ਦੋ ਵਿਦੇਸ਼ੀ ਗੁਟ-ਘੜੀਆਂ, ਇਕ ਹਜ਼ਾਰ ਪਾਊਂਡ, ਚਾਰ ਸੌ ਯੂਰੋ ਅਤੇ ਤੇਤੀ ਹਜ਼ਾਰ ਰੁਪਏ ਭਾਰਤੀ ਕਰੰਸੀ ਸੀ। ਇਸ ਤੋਂ ਇਲਾਵਾ ਉਸ ਬੈਗ ਵਿਚ, ਉਨ੍ਹਾਂ ਦੋਹਾਂ ਦੇ ਵਿਦੇਸ਼ੀ ਪਾਸਪੋਰਟ ਅਤੇ ਇਕ ਸੈੱਲ ਫੋਨ ਵੀ ਸੀ।

ਉਹ, ਰੋਟੀ ਖਾ ਕੇ ਦੁਬਾਰਾ ਕਾਰ ਵਿਚ ਬੈਠ ਗਏ। ਰਾਮ ਲੁਭਾਇਆ, ਅੱਗੇ ਡਰਾਈਵਰ ਦੇ ਨਾਲ਼ ਬੈਠ ਗਿਆ ਜਦੋਂ ਕਿ ਉਸ ਦੀ ਪਤਨੀ ਪ੍ਰਦੀਪ, ਪਿਛਲੀ ਸੀਟ ਉੱਤੇ ਰੱਖੇ ਹੋਏ ਲੇਡੀਜ਼ ਬੈਗ ਦੇ ਲਾਗੇ ਬੈਠ ਗਈ। ਢਾਬੇ ਤੋਂ ਚੱਲਣ ਮਗਰੋਂ ਡਰਾਈਵਰ ਸੰਜੀਵ ਨੇ ਕਾਰ ਦੀ ਰਫ਼ਤਾਰ ਮੱਧਮ ਹੀ ਰੱਖੀ। ਉਹ ਦਿੱਲ਼ੀ ਵੱਲ ਨੂੰ ਜਾ ਹੀ ਰਹੇ ਸਨ ਕਿ ਪਿੱਛਿਓਂ ਇਕ ਮੋਟਰ ਸਾਈਕਲ ਸਵਾਰ ਆਇਆ, ਜਿਸ ਨੇ ਕਾਰ ਦੇ ਬਰਾਬਰ ਜਾ ਕੇ ਕਾਰ ਦੇ ਟਾਇਰਾਂ ਵੱਲ ਇਸ਼ਾਰਾ ਕਰ ਕੇ ਕਾਰ ਰੋਕਣ ਲਈ ਕਿਹਾ। ਡਰਾਈਵਰ ਨੇ ਕਾਰ ਰੋਕ ਕੇ ਕਾਰ ਦੇ ਟਾਇਰ ਦੇਖੇ, ਜੋ ਬਿਲਕੁਲ ਸਹੀ ਸਨ। ਫਿਰ ਡਰਾਈਵਰ ਨੇ ਕਾਰ ਦਾ ਬੋਨੱਟ ਖੋਲ੍ਹ ਕੇ ਇੰਜਨ ਦੇਖਣਾ ਸ਼ੁਰੂ ਕਰ ਲਿਆ। ਖੁੱਲ੍ਹੇ ਬੋਨੱਟ ਨਾਲ਼ ਕਾਰ ਨੂੰ ਹੋਏ ਉਹਲੇ ਜਿਹੇ ਵਿਚ, ਮੋਟਰ ਸਾਈਕਲ ਸਵਾਰ ਨੇ ਅਨਲ਼ੌਕ ਹੋਈ ਕਾਰ ਦੀ ਪਿਛਲੀ ਖਿੜਕੀ ਖੋਲ੍ਹੀ ਤੇ ਪਿਛਲੀ ਸੀਟ ਉੱਤੇ ਰੱਖਿਆ ਹੋਇਆ ਲੇਡੀਜ਼ ਬੈਗ ਖਿਸਕਾ ਲਿਆ। ਰਾਮ ਲੁਭਾਇਆ ਦੀ ਪਤਨੀ ਨੇ ਬੈਗ ਚੁੱਕੇ ਜਾਣ ਦੀ ਹਾਲ-ਦੁਹਾਈ ਪਾਈ, ਪਰ ਤਦ ਤਕ ਮੋਟਰ ਸਾਈਕਲ ਸਵਾਰ, ਜਿੱਧਰੋਂ ਆਇਆ ਸੀ, ਉੱਧਰ ਨੂੰ ਹੀ ਚਲਿਆ ਗਿਆ।

ਡਰਾਈਵਰ ਨੇ ਬਹੁਤ ਹੀ ਡਰ ਗਏ ਇਸ ਜੋੜੇ ਦੀ ਹਾਲਤ ਦਾ ਫ਼ਾਇਦਾ ਉਠਾਉਂਦਿਆਂ, ਉਨ੍ਹਾਂ ਨੂੰ ਬਹੁਤੇ ਹੀ ਭੈਭੀਤ ਕਰ ਦਿੱਤਾ, ਜਿਸ ਕਰ ਸਹਿਮੇ ਹੋਏ ਇਨ੍ਹਾਂ ਦੋਹਾਂ ਸਰੀਰਾਂ ਨੂੰ ਕਿੰਨਾ ਹੀ ਚਿਰ ਹੋਸ਼ ਹੀ ਨਾ ਰਿਹਾ। ਉਹ ਅਜੇ ਉਸੇ ਹੀ ਹਾਲਤ ਵਿਚ ਸਨ ਕਿ ਉਹੀ ਮੋਟਰ ਸਾਈਕਲ ਸਵਾਰ ਮੁੜ ਆਇਆ ਤੇ ਉਹ ਬੈਗ, ਕਾਰ ਨੇੜੇ ਸੁੱਟ ਕੇ ਫਿਰ ਪਿੱਛੇ ਮੁੜ ਗਿਆ। ਉਨ੍ਹਾਂ ਨੇ ਦੇਖਿਆ ਕਿ ਬੈਗ ਵਿਚ ਉਨ੍ਹਾਂ ਦੇ ਵਿਦੇਸ਼ੀ ਪਾਸਪੋਰਟਾਂ ਅਤੇ ਇਕ ਸੈੱਲ ਫੋਨ ਤੋਂ ਇਲਾਵਾ ਕੁੱਝ ਵੀ ਨਹੀਂ ਸੀ। ਇਸ ਵਾਰ ਵੀ ਕਾਰ ਦੇ ਡਰਾਈਵਰ ਨੇ ਉਸ ਲੁਟੇਰੇ ਨੂੰ ਕੁੱਝ ਵੀ ਨਾ ਕਿਹਾ।

ਰਾਮ ਲੁਭਾਇਆ ਕੈਂਸਰ ਦਾ ਮਰੀਜ਼ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਪਤਨੀ ਪ੍ਰਦੀਪ ਦੀ ਇਕ ਬਾਂਹ ਵਿਚ ਸਰੀਆ ਪਾਇਆ ਹੈ। ਉਹ ਡਰਾਈਵਰ ਉਨ੍ਹਾਂ ਦੀਆਂ ਜਾਨਾਂ ਬਚ ਜਾਣ ਦੇ ਦਿਲਾਸੇ ਦਿੰਦਿਆਂ ਹੋਰ ਵੀ ਡਰਾਉਂਦਾ ਹੋਇਆ, ਦਿੱਲੀ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ ਉਤਾਰ ਕੇ ਚਲਿਆ ਗਿਆ। ਉਨ੍ਹਾਂ ਨੇ ਉੱਥੋਂ ਪੁਲੀਸ ਨੂੰ ਫੋਨ ਕਰ ਕੇ ਐੱਫ. ਆਈ. ਆਰ. ਦਰਜ ਕਰਾਈ। ਪੁਲਸ ਹਾਲੇ ਤਕ ਡਰਾਈਵਰ ਨੂੰ ਵੀ ਲੱਭ ਨਹੀਂ ਸਕੀ ਜਦੋਂ ਕਿ ਇਹ ਵਾਰਦਾਤ ਉਸ ਦੀ ਮਿਲੀ-ਭੁਗਤ ਨਾਲ਼ ਹੀ ਹੋਈ ਜਾਪਦੀ ਹੈ।

Related Post

Leave a Reply

Your email address will not be published. Required fields are marked *