ਜਲੰਧਰ, 26 ਅਕਤੂਬਰ 2025 :- ਤਹਿਸੀਲ ਕੰਪਲੈਕਸ, ਨਕੋਦਰ ਵਿਖੇ ਸਾਲ 2025-26 ਦੇ ਵੱਖ-ਵੱਖ ਠੇਕਿਆਂ ਦੀ ਨਿਲਾਮੀ (ਸਮਾਂ 1-11-2025 ਤੋਂ 31-3-2026 ਤੱਕ) 29 ਅਕਤੂਬਰ 2025 ਨੂੰ ਹੋਵੇਗੀ।
ਉਪ ਮੰਡਲ ਮੈਜਿਸਟ੍ਰੇਟ ਨਕੋਦਰ ਲਾਲ ਵਿਸ਼ਵਾਸ ਬੈਂਸ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਵਿਖੇ ਸਾਈਕਲ ਸਟੈਂਡ, ਕੰਟੀਨ ਅਤੇ ਪੋਲੋਰਾਈਡ ਕੈਮਰੇ ਦੇ ਠੇਕਿਆਂ ਦੀ ਨਿਲਾਮੀ, ਨਿਲਾਮੀ ਤਹਿਸੀਲਦਾਰ ਵੱਲੋਂ ਕਰਵਾਈ ਜਾਵੇਗੀ, ਜਿਸ ਦੀ ਰਿਜ਼ਰਵ ਕੀਮਤ ਕ੍ਰਮਵਾਰ 1,00,000 ਰੁਪਏ, 62,000 ਰੁਪਏ ਅਤੇ 8,62,000 ਰੁਪਏ ਹੈ ਅਤੇ ਸਕਿਓਰਿਟੀ 20,000-20,000 ਰੁਪਏ ਹੈ।
ਉਨ੍ਹਾਂ ਦੱਸਿਆ ਕਿ ਸਾਈਕਲ ਸਟੈਂਡ ਦੇ ਠੇਕੇ ਦੀ ਨਿਲਾਮੀ, ਨਿਲਾਮੀ ਵਾਲੇ ਦਿਨ ਸਵੇਰੇ 11 ਵਜੇ ਹੋਵੇਗੀ। ਜਦਕਿ ਕੰਟੀਨ ਦੇ ਠੇਕੇ ਦੀ ਨਿਲਾਮੀ ਦੁਪਹਿਰ 12 ਵਜੇ ਅਤੇ ਪੋਲੋਰਾਈਡ ਕੈਮਰੇ ਦੇ ਠੇਕੇ ਦੀ ਨਿਲਾਮੀ ਦੁਪਹਿਰ 12:30 ਵਜੇ ਹੋਵੇਗੀ।
ਬੋਲੀ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੋਲੀ ਦੇਣ ਵਾਲੇ ਨੂੰ ਬੋਲੀ ਦੇਣ ਤੋਂ ਪਹਿਲਾਂ ਉਕਤ ਅਨੁਸਾਰ ਸਕਿਓਰਿਟੀ ਵਜੋਂ ਰਕਮ ਦਾ ਬੈਂਕ ਡ੍ਰਾਫ਼ਟ ਡੀ.ਸੀ-ਕਮ-ਚੇਅਰਮੈਨ ਓਪਰੇਸ਼ਨਲ ਐਂਡ ਮੈਂਟੀਨੈਂਸ ਸੁਸਾਇਟੀ, ਜਲੰਧਰ ਦੇ ਨਾਮ ’ਤੇ ਬਤੌਰ ਸਕਿਓਰਿਟੀ ਜਮ੍ਹਾ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਬੋਲੀ ਦੀ ਰਕਮ ਦਾ ¼ ਹਿੱਸਾ, ਬੋਲੀ ਦੀ ਮਿਤੀ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਜਮ੍ਹਾ ਕਰਵਾਉਣਾ ਹੋਵੇਗਾ। ਜੇਕਰ ਸਬੰਧਤ ਠੇਕੇਦਾਰ ਰਕਮ ਜਮ੍ਹਾ ਨਹੀਂ ਕਰਵਾਏਗਾ ਤਾਂ ਉਸਦੀ ਸਕਿਓਰਿਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਿਲਾਮੀ ਦੀ ਮਨਜ਼ੂਰੀ ਡਿਪਟੀ ਕਮਿਸ਼ਨਰ, ਜਲੰਧਰ ਵੱਲੋਂ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਬੋਲੀ ਮਨਜ਼ੂਰ ਜਾਂ ਨਾਮਨਜ਼ੂਰ ਕਰਨ ਦੇ ਪੂਰੇ ਅਧਿਕਾਰ ਹਨ ਅਤੇ ਉਨ੍ਹਾਂ ਦਾ ਫੈਸਲਾ ਆਖਰੀ ਹੋਵੇਗਾ।
ਠੇਕੇਦਾਰ ਨੂੰ ਨਿਲਾਮੀ ਦੀ ਕੁੱਲ ਰਕਮ ਦਾ ¼ ਹਿੱਸਾ ਬੋਲੀ ਦੀ ਮਿਤੀ ਤੋਂ ਦੋ ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣ ਤੋਂ ਬਾਅਦ ਬਾਕੀ ਬਚਦੀ ਰਕਮ ਤਿੰਨ ਕਿਸ਼ਤਾਂ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ। ਠੇਕੇ ਦੀ ਮਿਆਦ 1 ਨਵੰਬਰ 2025 ਤੋਂ 31 ਮਾਰਚ 2026 ਤੱਕ ਹੋਵੇਗੀ ਅਤੇ 31-3-2026 ਸ਼ਾਮ 5 ਵਜੇ ਤੋਂ ਬਾਅਦ ਠੇਕੇਦਾਰਾਂ ਨੂੰ ਆਪਣਾ ਸਾਮਾਨ ਤਹਿਸੀਲ ਕੰਪਲੈਕਸ ਵਿੱਚ ਰੱਖਣ ਦਾ ਕੋਈ ਅਧਿਕਾਰ ਨਹੀਂ ਹੇਵੇਗਾ। ਜੇਕਰ ਕੋਈ ਠੇਕੇਦਾਰ ਕਿਸੇ ਕਾਰਨ ਸਮੇਂ ਤੋਂ ਪਹਿਲਾਂ ਠੇਕਾ ਛੱਡੇਗਾ ਤਾਂ ਉਸਨੂੰ 31-03-2026 ਤੱਕ ਦੀ ਪੂਰੀ ਰਕਮ ਜਮ੍ਹਾ ਕਰਵਾਉਣੀ ਪਵੇਗੀ।
ਠੇਕਾ ਸਬਲੈਟ ਨਹੀਂ ਕੀਤਾ ਜਾ ਸਕੇਗਾ ਅਤੇ ਠੇਕੇਦਾਰ ਨੂੰ ਆਪ ਹਾਜ਼ਰ ਹੋਣਾ ਪਵੇਗਾ।


