ਜੰਡਿਆਲਾ ਮੰਜਕੀ, 28 ਅਗਸਤ 2025:–ਦੇਹਿਰਾ ਬਾਬਾ ਸੈਣ ਭਗਤ ਜੀ ਪ੍ਤਾਬਪੁਰਾ ਦੇ ਪ੍ਰਧਾਨ, ਜੰਡਿਆਲਾ ਮੰਜਕੀ ਦੇ ਸਾਬਕਾ ਸਰਪੰਚ ਅਤੇ ਜੰਡਿਆਲਾ ਲੋਕ ਭਲਾਈ ਮੰਚ ਦੇ ਪ੍ਰਧਾਨ ਮੱਖਣ ਪੱਲਣ ਵੱਲੋਂ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸੈਣ ਸਮਾਜ ਵੈਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿੱਚ ਦੇਹਿਰਾ ਬਾਬਾ ਸੈਣ ਭਗਤ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਾਪ ਅਤੇ ਕੀਰਤਨ ਸਮਾਗਮ ਕਰਵਾਏ ਗਏ।
ਪੰਜਾਬ ਸਰਕਾਰ ਵੱਲੋਂ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ ਉਹਨਾਂ ਨਾਲ ਬੋਰਡ ਦੇ ਨਿਯੁਕਤ ਕੀਤੇ ਚਾਰ ਹੋਰ ਮੈਬਰ ਜਿਹਨਾਂ ਵਿੱਚ ਚਰਨਜੀਤ ਸਿੰਘ ਲਾਡੀ, ਜਸਵੰਤ ਸਿੰਘ, ਮਿੰਟੂ ਸਿੰਘ, ਸੁਖਵਿੰਦਰ ਪਾਲ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਮੰਗਲ ਸਿੰਘ ਬਾਸੀ ਅਤੇ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਮੱਖਣ ਪੱਲਣ ਬਾਖੂਬੀ ਨਿਭਾਉਣਗੇ। ਉਹਨਾਂ ਕਿਹਾ ਕਿ ਸਮਾਜ ਲਈ ਕੀਤੇ ਗਏ ਕੰਮਾਂ ਕਾਰਨ ਹੀ ਉਹਨਾਂ ਨੂੰ ਸਰਕਾਰ ਨੇ ਯੋਗ ਸਮਝਿਆ ਹੈ ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਵੱਖ ਵੱਖ ਹੋਰ ਬੁਲਾਰਿਆਂ ਨੇ ਵੀ ਮੱਖਣ ਪੱਲਣ ਵੱਲੋਂ ਸਮਾਜ ਅਤੇ ਆਮ ਲੋਕਾਂ ਲਈ ਕੀਤੇ ਕੰਮਾਂ ਦਾ ਜ਼ਿਕਰ ਕੀਤਾ।
ਪੰਜਾਬ ਭਰ ਤੋਂ ਸੈਣ ਸਮਾਜ ਨਾਲ ਸੰਬੰਧਿਤ ਗੁਰਧਾਮਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਮੱਖਣ ਪੱਲਣ ਦਾ ਚੇਅਰਮੈਨ ਬਣਨ ਤੇ ਸਵਾਗਤ ਤੇ ਸਨਮਾਨ ਕੀਤਾ ਗਿਆ। ਮੱਖਣ ਪੱਲਣ ਨੇ ਯਕੀਨ ਦਿਵਾਇਆ ਕਿ ਉਹ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣਗੇ ਅਤੇ ਸਮਾਜ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਗੇ।



