ਫਿਲੌਰ, 31 ਜੁਲਾਈ 2025 :- ਅੱਜ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਤਹਿਸੀਲ ਕਮੇਟੀ ਮੀਟਿੰਗ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਫਿਲੌਰ ਵਿਖੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜ਼ਿਲ੍ਹਾ ਸਕੱਤਰ ਐਡੋਵਕੇਟ ਅਜੈ ਫਿਲੌਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੀ ਵਿਚਾਰਧਾਰਾ ’ਤੇ ਚਲਦਿਆਂ ਨੌਜਵਾਨਾਂ ਨੂੰ ਸਾਮਰਾਜੀ ਤਾਕਤਾਂ ਦੇ ਖ਼ਿਲਾਫ਼ ਜਥੇਬੰਦ ਹੋ ਕੇ ਆਪਣੇ ਨਿਸ਼ਾਨੇ ‘ਤੇ ਸੇਧਿਤ ਹੋਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਨਿੱਜੀਕਰਨ-ਵਪਾਰੀਕਰਨ ਦੀ ਨੀਤੀ ਤਹਿਤ ਜਵਾਨੀ ਨੂੰ ਬੇਰੁਜ਼ਗਾਰ ਰੱਖ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ।
ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਨਵੀਂ ਚੁਣੀ ਕਮੇਟੀ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਪਿਛਲੇ ਕੰਮਾਂ ਦਾ ਰੀਵਿਊ ਕਰਨ ਉਪਰੰਤ ਫ਼ੈਸਲਾ ਕੀਤਾ ਕਿ 7 ਅਗਸਤ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਫਿਲੌਰ ਵਿਖੇ ਪੁਤਲਾ ਫੂਕਿਆਂ ਜਾਵੇਗਾ ਅਤੇ ਸ਼ਹਿਰ ਅੰਦਰ ਸ਼ਹੀਦ ਭਗਤ ਸਿੰਘ ਦੇ ਬੁੱਤ ਲਗਾਉਣ ਸਬੰਧੀ ਈਓ ਫਿਲੌਰ ਨੂੰ ਮਿਲ ਕੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।
19 ਅਗਸਤ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ ਐੱਸਡੀਐੱਮ ਫਿਲੌਰ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਯਾਦ ਪੱਤਰ ਭੇਜਿਆ ਜਾਵੇਗਾ। ਇਸ ਮੌਕੇ ਗੁਰਦੀਪ ਗੱਗਾ, ਅਮਰੀਕ ਰੁੜਕਾ, ਬਲਦੇਵ ਸਾਹਨੀ, ਰਿੱਕੀ ਮੀਓਵਾਲ, ਲਖਵੀਰ ਖੋਖੇਵਾਲ, ਜਸਵੀਰ ਢੇਸੀ, ਰਸ਼ਪਾਲ ਬੇਗਮਪੁਰ, ਗੁਰਿੰਦਰ ਗੈਰੀ ਮੁਠੱਡਾ, ਜੋਗਾ ਸੰਗੋਵਾਲ, ਪਾਰਸ ਫਿਲੌਰ, ਜੱਸਾ ਫਿਲੌਰ ਆਦਿ ਤਹਿਸੀਲ ਕਮੇਟੀ ਮੈਂਬਰ ਹਾਜ਼ਰ ਸਨ।
