ਫਿਲੌਰ, 28 ਜੁਲਾਈ 2025 :- ਪਿੰਡ ਦੁਸਾਂਝ ਖੁਰਦ ਦੇ ਰੇਲਵੇ ਫਾਟਕ ਦੇ ਹੇਠ ਬਣਨ ਵਾਲੇ ਅੰਡਰ ਬ੍ਰਿਜ ਦੇ ਨਕਸ਼ੇ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਅੱਜ ਇੱਕ ਮੰਗ ਪੱਤਰ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਇਹ ਮੰਗ ਕੀਤੀ ਕਿ ਇਸ ਦਾ ‘ਸੀ’ ਟਾਈਪ ਦਾ ਨਕਸ਼ਾ ਰੱਦ ਕਰਕੇ ਇਸ ਨੂੰ ਸਿੱਧਾ ਅੰਡਰ ਬ੍ਰਿਜ ਬਣਾਇਆ ਜਾਵੇ। ਮੰਗ ਪੱਤਰ ਵਿੱਚ ਪਿੰਡ ਦੁਸਾਂਝ ਖੁਰਦ, ਮੁਠੱਡਾ ਕਲਾਂ, ਕੁਤਬੇਵਾਲ, ਲਾਂਗੜੀਆਂ, ਮੁਠੱਡਾ ਖੁਰਦ, ਭੱਟੀਆਂ ਆਦਿ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਸੈਕੜੇ ਹੋਰ ਦਸਖ਼ਤਾਂ ਵਾਲੇ ਪੱਤਰ ਸ਼ਾਮਲ ਸਨ। ਜਿਸ ‘ਚ ਗੁਰਦੁਆਰਾ ਕਮੇਟੀਆਂ, ਯੂਥ ਕਲੱਬਾਂ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀਆਂ ਮੁਠੱਡਾ ਕਲਾਂ ਇਕਾਈਆਂ, ਵੱਖ-ਵੱਖ ਪ੍ਰਾਈਵੇਟ ਸਕੂਲ ਅਤੇ ਮਹਿੰਦਰਾਂ ਟਰੈਕਟਰ ਦੇ ਸਟਾਕਯਾਰਡ ਵਲੋਂ ਵੀ ਲਿਖਤੀ ਤੌਰ ‘ਤੇ ਮੌਜੂਦਾ ਨਕਸ਼ਾ ਰੱਦ ਕਰਕੇ ਨਵੇਂ ਸਿਰੇ ਤੋਂ ਨਕਸ਼ਾ ਬਣਾਉਣ ਦੀ ਮੰਗ ਕੀਤੀ ਗਈ।
ਐੱਸਡੀਐੱਮ ਫਿਲੌਰ ਨੂੰ ਮਿਲੇ ਵਫ਼ਦ ਦੀ ਅਗਵਾਈ ਸਰਬਜੀਤ ਮੁਠੱਡਾ, ਨੰਬਰਦਾਰ ਗੁਰਪਾਲ ਸਿੰਘ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਸਰਪੰਚ ਭੱਟੀਆ ਸਰਵਜੀਤ ਸਿੰਘ, ਰਛਪਾਲ ਲਾਲ ਕੁਤਬੇਵਾਲ, ਹਰਭਜਨ ਸਿੰਘ ਗਰੇਵਾਲ, ਸੰਤੋਖ ਲਾਲ ਲਾਂਗੜੀਆ, ਵਿਜੈ ਕੁਮਾਰ, ਦੀਪਕ ਭਾਰਤੀ, ਰਾਜਵਿੰਦਰ ਮੁਠੱਡਾ, ਚੰਨਪ੍ਰੀਤ ਸਿੰਘ ਬੂਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਮਨਮੋਹਣ ਸਿੰਘ ਸਿੱਧੂ, ਸੁਖਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੁਖਵੀਰ ਸਿੰਘ ਔਜਲਾ, ਦਵਿੰਦਰ ਭਿੰਦਾ ਆਦਿ ਨੇ ਕੀਤੀ। ਇਨ੍ਹਾਂ ਮੋਹਤਬਰਾਂ ਨੇ ਐੱਸਡੀਐੱਮ ਨੂੰ ਦੱਸਿਆ ਕਿ ਮੌਜੂਦਾ ਨਕਸ਼ੇ ਮੁਤਾਬਿਕ ਜੇ ਅੰਡਰ ਬ੍ਰਿਜ ਬਣਦਾ ਹੈ ਤਾਂ ਸੁਰੱਖਿਆ ਖਤਰੇ ‘ਚ ਪਵੇਗੀ ਕਿਉਂਕਿ ਰਾਤ ਵੇਲੇ ਅਜਿਹੇ ਪੁਲਾਂ ਤੋਂ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ।
ਇਥੋਂ ਟਰੈਕਟਰ ਪੰਜਾਬ ਸਮੇਤ ਜੇ ਕੇ ਅਤੇ ਹਿਮਾਚਲ ਨੂੰ ਜਾਂਦੇ ਹਨ, ਜਿਥੋਂ ਟਰਾਲੇ ਨਹੀਂ ਲੰਘ ਸਕਣਗੇ ਅਤੇ ਨਾ ਹੀ ਗੰਨੇ ਨਾਲ ਲੱਧੀਆਂ ਟਰਾਲੀਆਂ ਅਤੇ ਕੰਬਾਇਨਾਂ ਵੀ ਨਹੀਂ ਲੰਘ ਸਕਣਗੀਆਂ। ਇਸ ਤੋਂ ਇਲਾਵਾ ਸਕੂਲਾਂ ਦੀਆਂ ਵੱਡੀਆਂ ਬੱਸਾਂ ਵੀ ਨਹੀਂ ਲੰਘ ਸਕਣਗੀਆਂ। ਉਕਤ ਮੋਹਤਬਰਾਂ ਨੇ ਕਿਹਾ ਕਿ ਪਿੰਡ ਦੁਸਾਂਝ ਖੁਰਦ ਦੀ ਹੱਦ ਅੰਦਰ ਲਿੰਕ ਰੋਡ ਦੀ ਚੌੜਾਈ ਆਮ ਨਾਲੋਂ ਜ਼ਿਆਦਾ ਹੈ ਅਤੇ ਰੇਲਵੇ ਲਾਈਨ ਵੀ ਉੱਚੀ ਹੈ। ਜਿਸ ਨਾਲ ਇਥੇ ਸਿੱਧਾ ਅੰਡਰ ਬ੍ਰਿਜ ਬਣਾਉਣਾ ਸੰਭਵ ਹੈ। ਮੋਹਤਬਰਾਂ ਨੇ ਕਿਹਾ ਕਿ ਉਹ ‘ਸੀ’ ਟਾਈਪ ਵਾਲੇ ਬ੍ਰਿਜ ਦਾ ਜ਼ੋਰਦਾਰ ਵਿਰੋਧ ਕਰਨਗੇ।
ਇਸ ਮੌਕੇ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਨੇ ਕਿਹਾ ਕਿ ਉਹ ਇਸ ਫਾਈਲ ਨੂੰ ਰੇਲਵੇ ਦੇ ਅਧਿਕਾਰੀਆਂ ਨੂੰ ਭੇਜ ਦੇਣਗੇ ਅਤੇ ਛੇਤੀ ਹੀ ਰੇਲਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਵਾਉਣਗੇ।
