- 85 ਸਾਲ ਤੋਂ ਵੱਧ ਉਮਰ ਤੇ ਦਿਵਿਆਂਗ ਵੋਟਰਾਂ ਲਈ ਹੋਮ ਵੋਟਿੰਗ ਸੁਵਿਧਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਕਿਹਾ ਬੀ.ਐਲ.ਓਜ਼ ਨੂੰ ਦਿਵਿਆਂਗ ਵੋਟਰਾਂ ਲਈ ਘਰ-ਘਰ ਜਾ ਕੇ ਸਰਵੇਖਣ ਕਰਨ ਦੀਆਂ ਹਦਾਇਤਾਂ
ਜਲੰਧਰ, 26 ਜੁਲਾਈ 2025 :- ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਜਸਬੀਰ ਸਿੰਘ ਨੇ ਦਿਵਿਆਂਗ ਅਤੇ ਸਿਨੀਅਰ ਸਿਟੀਜ਼ਨ ਵੋਟਰਾਂ ਲਈ ਚੋਣ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਅਕਸੈਸੇਬਲ ਇਲੈਕਸ਼ਨ ਸਬੰਧੀ ਜ਼ਿਲ੍ਹਾ ਨਿਗਰਾਨ ਕਮੇਟੀ ਦੀ ਮੀਟਿੰਗ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜੋ ਦਿਵਿਆਂਗ ਵਿਅਕਤੀ ਅਜੇ ਵੋਟਰ ਸੂਚੀ ਵਿੱਚ ਦਰਜ ਨਹੀਂ ਹਨ, ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਵੋਟਰ ਸੂਚੀਆਂ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਿਲ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਉਨ੍ਹਾਂ ਕਿਹਾ ਕਿ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਸਹੂਲਤ ਲਈ ਐਨ.ਸੀ.ਸੀ.,ਐਨ.ਐਸ.ਐਸ.,ਨਹਿਰੂ ਯੁਵਾ ਕੇਂਦਰਾਂ ਅਤੇ ਐਨ.ਜੀ.ਓਜ਼ ਨੂੰ ਵਿਸ਼ੇਸ਼ ਸਿਖ਼ਲਾਈ ਵੀ ਪ੍ਰਦਾਨ ਕੀਤੀ ਜਾਵੇਗੀ।
ਸ਼੍ਰੀ ਜਸਬੀਰ ਸਿੰਘ ਨੇ ਕਿਹਾ ਕਿ 85 ਸਾਲ ਤੋਂ ਵੱਧ ਉਮਰ ਅਤੇ ਦਿਵਿਆਂਗ ਵੋਟਰਾਂ ਨੂੰ ਦਿੱਤੀ ਜਾ ਰਹੀ ਹੋਮ ਵੋਟਿੰਗ ਦੀ ਸੁਵਿਧਾ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਵੀਪ ਆਈਕਨ ਰਾਹੀਂ ਦਿਵਿਆਂਗ ਵੋਟਰਾਂ ਨੂੰ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਜਾਵੇ, ਤਾਂ ਜੋ ਦਿਵਿਆਂਗ ਵੋਟਰਾਂ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਬੀ.ਐਲ.ਓਜ਼ ਨੂੰ ਦਿਵਿਆਂਗ ਵੋਟਰਾਂ ਲਈ ਘਰ-ਘਰ ਜਾ ਕੇ ਸਰਵੇਖਣ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਦਿਵਿਆਂਗ ਵੋਟਰਾਂ ਨੂੰ ਚੋਣ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਵਿਸ਼ੇਸ਼ ਐਪਲੀਕੇਸ਼ਨ ‘ਸਕਸ਼ਮ ਈਸੀਆਈ’ (SAKSHAM ECI) ਦੀ ਵੱਧ ਤੋਂ ਵੱਧ ਵਰਤੋਂ ਲਈ ਜਾਗਰੂਕ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕੋਈ ਵੀ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵਿਅਕਤੀ ਵੋਟਰ ਸੂਚੀਆਂ ਵਿੱਚ ਰਜਿਸਟਰ ਹੋਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਕਮੇਟੀ ਮੈਂਬਰਾਂ ਨਾਲ ਦਿਵਿਆਂਗ ਵੋਟਰਾਂ ਲਈ ਵੱਖਰੀਆਂ ਕਤਾਰਾਂ, ਹੋਮ ਵੋਟਿੰਗ ਦੀ ਸਹੂਲਤ, ਵੀਲ੍ਹ ਚੇਅਰ ਅਤੇ ਰੈਂਪ, ਘਰ ਤੋਂ ਪੋਲਿੰਗ ਸਟੇਸ਼ਨ ਤੱਕ ਲਿਆਉਣ ਅਤੇ ਵੋਟ ਉਪਰੰਤ ਘਰ ਵਾਪਿਸ ਛੱਡਣ ਲਈ ਟਰਾਂਸਪੋਰਟ ਸਹੂਲਤ ਆਦਿ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
