- ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ‘ਚ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
- ਕਿਹਾ, ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ
ਜਲੰਧਰ, 24 ਜੁਲਾਈ 2025 :- ਸੜਕ ਹਾਦਸਿਆਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲੋਕ ਨਿਰਮਾਣ ਵਿਭਾਗ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਹਾਈਵੇਜ਼ ਸਮੇਤ ਸੜਕਾਂ ’ਤੇ ਅਣ-ਅਧਿਕਾਰਤ ਕੱਟ ਤੁਰੰਤ ਬੰਦ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ ਸਕੱਤਰ ਆਰ.ਟੀ.ਏ. ਬਲਬੀਰ ਰਾਜ ਸਿੰਘ ਸਮੇਤ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਹਾਈਵੇਅ ਅਤੇ ਸੜਕਾਂ ’ਤੇ ਅਣ-ਅਧਿਕਾਰਤ ਕੱਟਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਤਾਂ ਜੋ ਸੜਕ ਦੁਰਘਟਨਾਵਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸੜਕ ਹਾਦਸਿਆਂ ਵਾਲੀਆਂ ਸੜਕਾਂ ਸਮੇਤ ਜ਼ਿਆਦਾ ਖਤਰੇ ਵਾਲੇ ਚੌਕ ਤੇ ਮੋੜ ਅਤੇ ਜ਼ਿਆਦਾ ਟ੍ਰੈਫਿਕ ਭਾਰ ਵਾਲੀਆਂ ਸੜਕਾਂ ਦੀ ਵੀ ਪਛਾਣ ਕਰਕੇ ਅਜਿਹੇ ਪੁਆਇੰਟਾਂ ’ਤੇ ਢੁੱਕਵੇਂ ਸਾਈਨੇਜ, ਸਪੀਡ ਬ੍ਰੇਕਰ, ਟ੍ਰੈਫਿਕ ਲਾਈਟਾਂ ਸਮੇਤ ਸੜਕ ਹਾਦਸਿਆਂ ਤੋਂ ਰੋਕਥਾਮ ਸਬੰਧੀ ਉਪਾਅ ਫੌਰੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਜ਼ਰੂਰੀ ਬਦਲਾਅ ਤੇ ਸੜਕਾਂ ਨੂੰ ਠੀਕ ਕਰਕੇ ਅਤੇ ਸੜਕੀ ਨੇਮਾਂ ਦੀ ਪਾਲਣਾ ਨਾਲ ਹਾਦਸਿਆਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਡਾ. ਅਗਰਵਾਲ ਨੇ ਜ਼ਿਲ੍ਹੇ ਵਿੱਚ ਬਲੈਕ ਸਪਾਟਸ ਸਬੰਧੀ ਪੁਲਿਸ ਵਿਭਾਗ ਵੱਲੋਂ ਪੇਸ਼ ਕੀਤੀ ਸੂਚੀ ਦਾ ਜਾਇਜ਼ਾ ਲਿਆ ਅਤੇ ਸਮੂਹ ਉਪ ਮੰਡਲ ਮੈਜਿਸਟ੍ਰੇਟਸ, ਲੋਕ ਨਿਰਮਾਣ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਵੀ ਅਜਿਹੀਆਂ ਥਾਵਾਂ ਦੀ ਵਿਸਥਾਰਤ ਸੂਚੀ 30 ਜੁਲਾਈ ਤੱਕ ਭੇਜਣ ਦੀ ਹਦਾਇਤ ਕੀਤੀ, ਤਾਂ ਜੋ ਸੜਕੀ ਦੁਰਘਟਨਾਵਾਂ ਵਾਲੇ ਸਥਾਨਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਨਿਰਧਾਰਿਤ ਸੜਕੀ ਮਾਪਦੰਡਾਂ ਅਨੁਸਾਰ ਠੀਕ ਕੀਤਾ ਜਾ ਸਕੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਰਾਮਾਮੰਡੀ ਦੇ ਪੁਲ ਹੇਠਾਂ ਖੜ੍ਹਨ ਵਾਲੀਆਂ ਬੱਸਾਂ ਦਾ ਬੱਸ ਸਟਾਪ ’ਤੇ ਖੜ੍ਹਨਾ ਯਕੀਨੀ ਬਣਾਇਆ ਜਾਵੇ। ਹਾਈਵੇਅ ’ਤੇ ਡਰੇਨੇਜ਼ ਸਿਸਟਮ ਨੂੰ ਸੁਚਾਰੂ ਬਣਾਉਣ ਲਈ ਉਨ੍ਹਾਂ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਡਰੇਨੇਜ਼ ਪੁਆਇੰਟਾਂ ਦੀ ਸਫਾਈ ਅਤੇ ਡਿਸਿਲਟਿੰਗ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ।
ਸੇਫ ਸਕੂਲ ਵਾਹਨ ਪਾਲਿਸੀ ਦੀ ਸਖ਼ਤੀ ਨਾਲ ਪਾਲਣਾ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲੀ ਵਾਹਨਾਂ ਵਿੱਚ ਸਾਰੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਸਖ਼ਤੀ ਨਾਲ ਹੋਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਓਵਰ ਲੋਡਿੰਗ, ਓਵਰ ਸਪੀਡ, ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਸਮੇਤ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ, ਵਿੱਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ‘ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵੱਲੋਂ ਗੋਦ ਲਈਆਂ ਸੜਕਾਂ ਦਾ ਨਿਰੀਖਣ ਕਰਕੇ ਧਿਆਨ ਵਿੱਚ ਲਿਆਂਦੇ ਮੁੱਦੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਆਰੰਭਣ ਲਈ ਵੀ ਕਿਹਾ।
