10 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਹਿੰਦੂ ਸੰਗਠਨ ਸ਼ਿਕਾਇਤ ਕਰਨ ਲਈ ਨਹੀਂ ਆਇਆ ਸਾਹਮਣੇ
ਨੂਰਮਹਿਲ, 21 ਜੁਲਾਈ 2025:- ਬੀਤੇ ਦਿਨ ਨੂਰਮਹਿਲ ਵਿਖੇ ਮਾਤਾ ਰਾਣੀ ਜੀ ਦੇ ਸਰੂਪਾਂ, ਚੁੰਨੀਆਂ ਅਤੇ ਹੋਰ ਸਮੱਗਰੀ ਨਾਲ ਹੋਈ ਬੇਅਦਬੀ ਦੇ ਮੁੱਦੇ ਤੇ ਇਸ ਨੂੰ ਲੈ ਕੇ ਕਿਸੇ ਵੀ ਹਿੰਦੂ ਧਾਰਮਿਕ ਸੰਗਠਨਾਂ ਨੇ ਰੋਸ ਜਾਹਰ ਕਰਨਾ ਲੋੜ ਨਹੀ ਸਮਝੀ।ਬਲਕਿ ਇਸ ਮਾਮਲੇ ਤੇ ਰਾਜਨੀਤੀ ਚਮਕਾਉਂਦੇ ਹੋਏ ਆਪਣੀਆਂ ਯਾਰੀਆਂ ਦੋਸਤੀਆਂ ਅਤੇ ਪਿਆਰ ਨਿਭਾਉਂਦੇ ਹੋਏ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਬਾਰੇ ਸਮਾਚਾਰ ਮਿਲਿਆ ਹੈ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਸ ਦਿਨ ਬੀਤ ਜਾਣ ਤੇ ਜਦੋ ਕੋਈ ਹੋਰ ਸਾਹਮਣੇ ਨਹੀ ਆਇਆ ਤਾਂ ਨੂਰਮਹਿਲ ਦੇ ਇੱਕ ਪੱਤਰਕਾਰ ਰਾਜ ਬਹਾਦਰ ਸੰਧੀਰ ਨੇ ਹਾਅ ਦਾ ਨਾਅਰਾ ਮਾਰਦਿਆਂ ਹੋਇਆ ਜਾਗਰਣ ਭਗਤ ਮਧੂਸੂਦਨ ਦੇ ਖਿਲਾਫ ਥਾਣਾ ਨੂਰਮਹਿਲ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸੰਬੰਧੀ ਕਾਰਵਾਈ ਨੂੰ ਲੈਕੇ ਲਿਖਤੀ ਸ਼ਿਕਾਇਤ ਕੀਤੀ ਹੈ। ਜਿਕਰਯੋਗ ਹੈ ਕਿ ਇਹ ਮੁੱਦਾ ਸ਼ੋਸ਼ਲ ਮੀਡੀਆ ਅਤੇ ਅਖਬਾਰਾਂ ਦੀ ਸੁਰਖੀਆਂ ਬਣ ਚੁੱਕਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜ ਬਹਾਦਰ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਮਨ ਨੂੰ ਕਾਫੀ ਠੇਸ ਪੁੱਜੀ ਹੈ , ਇਸ ਘਟਨਾ ਨੂੰ ਲੈ ਕੇ ਕਾਫੀ ਦਿਨਾਂ ਤੋਂ ਮੈਂ ਪ੍ਰੇਸ਼ਾਨ ਚੱਲ ਰਿਹਾ ਸੀ। ਮੇਰੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ , ਪਰ ਇਸ ਗੱਲ ਨੇ ਝੰਝੋੜ ਕੇ ਰੱਖ ਦਿੱਤਾ ਕਿ ਲੋਕਾਂ ਨੂੰ ਜਾਗਰਣ ਦੀਆਂ ਸਟੇਜਾਂ ਤੋਂ ਵੱਡੇ ਵੱਡੇ ਉਪਦੇਸ਼ ਦੇਣ ਵਾਲਾ ਵਿਅਕਤੀ ਆਪ ਇੰਨਾ ਗੱਲਾਂ ਨੂੰ ਆਪਣੇ ਤੇ ਲਾਗੂ ਹੀ ਨਹੀਂ ਕਰਦਾ ਹੈ। ਰਾਜ ਬਹਾਦਰ ਨੇ ਦੱਸਿਆ ਕਿ ਨੂਰਮਹਿਲ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਰਾਜ ਬਹਾਦਰ ਸੰਧੀਰ ਨੇ ਨੂਰਮਹਿਲ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਕਿ ਜਲਦ ਤੋਂ ਜਲਦ ਕਾਰਵਾਈ ਕਰੇ।
