ਜੰਡਿਆਲਾ ਮੰਜਕੀ, 20 ਜੁਲਾਈ 2025 :- ਜੰਡਿਆਲਾ ਮੰਜ਼ਕੀ ਦੀ ਪ੍ਰਸਿੱਧ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾ ‘ਜੰਡਿਆਲਾ ਲੋਕ ਭਲਾਈ ਮੰਚ’ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਮਾਸਟਰ ਸੁਖਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਨਵੇਂ ਪ੍ਰੋਜੈਕਟਾਂ ਦੀ ਰੂਪ ਰੇਖਾ ਉਲੀਕੀ ਗਈ। ਪ੍ਰਧਾਨ ਮੱਖਣ ਲਾਲ ਪੱਲਣ ਅਤੇ ਜਨਰਲ ਸਕੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਮੰਚ ਦੇ ਪ੍ਰਬੰਧ ਹੇਠ ਚੱਲ ਰਹੇ ਰਿਪਬਲਿਕ ਹਾਈ ਸਕੂਲ ਬਾਰੇ, ਆ ਰਹੇ ਵਿਸ਼ਾਲ ਅੱਖਾਂ ਦੇ ਕੈਂਪ ਅਤੇ ਵਣ-ਮਹਾਂਉਤਸਵ ਮੌਕੇ ਵੱਖ-ਵੱਖ ਥਾਵਾਂ ਤੇ ਰੁੱਖ ਲਗਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਸੰਸਥਾ ਦਾ ਇਕ ਪ੍ਰੋਜੈਕਟ ਹਰ ਸਾਲ ਅੱਖਾਂ ਦੇ ਮਰੀਜ਼ਾ ਦਾ ਚੈਕ-ਅੱਪ ਕਰਕੇ ਲੋੜਵੰਦਾਂ ਦੀਆਂ ਅੱਖਾਂ ਵਿੱਚ ਲੈਨਜ਼ ਪਾਉਣਾ ਹੈ। ਇਸ ਵਾਰ 16 ਵਾਂ ਕੈਂਪ 19 ਅਕਤੂਬਰ ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਨਜ਼ ਪਾਉਣ ਦੀ ਲੋੜ ਹੋਵੇਗੀ, ਉਨ੍ਹਾਂ ਨੂੰ 20, 21 ਅਤੇ 22 ਅਕਤੂਬਰ ਨੂੰ ਜਲੰਧਰ ਦੇ ‘ਔਕੁਲਸ ਅੱਖਾਂ ਦਾ ਹਸਪਤਾਲ’ ਲਿਜਾ ਕੇ ਮੁਫਤ ਲੈਨਜ਼ ਪਾਏ ਜਾਣਗੇ। ਜੰਡਿਆਲਾ ਤੋਂ ਜਲੰਧਰ ਲਿਜਾਣ ਅਤੇ ਵਾਪਸ ਲਿਆਉਣ ਲਈ ਵਾਹਨਾਂ ਦਾ ਪ੍ਰਬੰਧ ਸੰਸਥਾ ਵਲੋਂ ਕੀਤਾ ਜਾਵੇਗਾ।ਇਸ ਮੌਕੇ ਸਕੱਤਰ ਸੁਰਜੀਤ ਸਿੰਘ, ਕਾਮਰੇਡ ਵਿਜੈ ਧਰਨੀ, ਮਾਸਟਰ ਜਸਵਿੰਦਰ ਸਿੰਘ, ਇੰਜੀਨੀਅਰ ਜੋਗਿੰਦਰ ਸਿੰਘ, ਨਰਿੰਦਰ ਕੁਮਾਰ ਗੋਗਨਾ, ਭੁਪਿੰਦਰ ਸਿੰਘ, ਸੱਤਪਾਲ ਗਾਬਾ, ਇੰਜੀਨੀਅਰ ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ, ਕਾਮਰੇਡ ਕੁਲਵੰਤ ਸਿੰਘ, ਮੱਖਣ ਸਿੰਘ ਜੌਹਲ, ਗੁਰਚੇਤਨ ਸਿੰਘ ਜੌਹਲ, ਰਣਧੀਰ ਸਿੰਘ ਗੁਜਰਾਲ, ਮੁਹੰਮਦ ਬੂਟਾ ਆਦਿ ਵੀ ਹਾਜ਼ਰ ਸਨ।
 
                        