- ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਫੌਜ ਦੇ ਸਹਿਯੋਗ ਨਾਲ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਕਰਵਾਇਆ
- ਟੀਮਾਂ ਵੱਲੋਂ ਬਚਾਅ ਅਤੇ ਰਾਹਤ ਕਾਰਜਾਂ ਦਾ ਪ੍ਰਦਰਸ਼ਨ
- ਜ਼ਿਲ੍ਹੇ ’ਚ ਹਾਲਾਤ ਬਿਲਕੁਲ ਨਾਰਮਲ, ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ
- ਕਿਹਾ, ਫਲੱਡ ਪ੍ਰੋਟੈਕਸ਼ਨ ਐਕਸਰਸਾਈਜ਼ ਦਾ ਉਦੇਸ਼ ਹੜ੍ਹ ਵਰਗੇ ਹੰਗਾਮੀ ਹਾਲਾਤ ਦੌਰਾਨ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ ਤੇ ਲੋਕਾਂ ਨੂੰ ਸੰਭਾਵੀ ਖ਼ਤਰਿਆਂ ਤੋਂ ਜਾਗਰੂਕ ਕਰਨਾ
ਫਿਲੌਰ (ਜਲੰਧਰ), 8 ਜੁਲਾਈ 2025 :- ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਦੇ ਸਹਿਯੋਗ ਨਾਲ ਬ੍ਰਿਗੇਡੀਅਰ ਐਸ. ਚੈਟਰਜੀ ਵਾਈ ਐਸ ਐਮ ਕਮਾਂਡਰ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਸਤਲੁਜ ਦਰਿਆ ਦੇ ਕੰਢੇ ਪਿੰਡ ਤਲਵੰਡੀ ਕਲਾਂ ਵਿਖੇ ਹੜ੍ਹਾਂ ਤੋਂ ਸੁਰੱਖਿਆ ਸਬੰਧੀ ਅਭਿਆਸ ਕਰਵਾਇਆ ਗਿਆ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਲੱਡ ਪ੍ਰੋਟੈਕਸ਼ਨ ਐਕਸਰਸਾਈਜ਼ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਭਾਰਤੀ ਫੌਜ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੰਜਾਬ ਪੁਲਿਸ, ਹੋਮਗਾਰਡਜ਼, ਸਿਹਤ ਵਿਭਾਗ, ਫਾਇਰ ਬ੍ਰਿਗੇਡ ਅਤੇ ਰੈੱਡ ਕਰਾਸ ਸੁਸਾਇਟੀ ਦੀਆਂ ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਅਭਿਆਸ ਦੌਰਾਨ ਟੀਮਾਂ ਵੱਲੋਂ ਹੜ੍ਹ ਦੀ ਸਥਿਤੀ ਵਿੱਚ ਕੀਤੇ ਜਾਣ ਵਾਲੇ ਬਚਾਅ ਅਤੇ ਰਾਹਤ ਕਾਰਜਾਂ ਦਾ ਪ੍ਰਦਰਸ਼ਨ ਕੀਤਾ ਗਿਆ।

ਡਾ. ਅਗਰਵਾਲ ਨੇ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਹੜ੍ਹ ਵਰਗੇ ਹੰਗਾਮੀ ਹਾਲਾਤ ਦੌਰਾਨ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਹੰਗਾਮੀ ਸਥਿਤੀ ਦੌਰਾਨ ਤਿਆਰੀ, ਸਹਿਯੋਗ ਅਤੇ ਤੁਰੰਤ ਪ੍ਰਤੀਕਿਰਿਆ ਬਹੁਤ ਅਹਿਮੀਅਤ ਰੱਖਦੀ ਹੈ, ਜਿਸ ਨਾਲ ਹੋਣ ਵਾਲੇ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਦੀ ਵਚਨਬੱਧਤਾ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੇ ਲਈ ਪਹਿਲਾਂ ਹੀ ਅਗਾਊਂ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹਾਲਾਤ ਬਿਲਕੁਲ ਨਾਰਮਲ ਹਨ, ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।

 
                        