ਬਿਲਗਾ, 30 ਜੂਨ 2025- ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਲੋਕਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ੍ਹ ਲਈ ਬਿਲਗਾ ਥਾਣੇ ਅੱਗੇ ਧਰਨਾ ਦੇ ਕੇ ਆਗੂਆਂ ਨੇ ਕਿਹਾ ਕਿ ਪੁਲਿਸ ਦਾ ਵਤੀਰਾ ਪੈਸੇ ਇਕੱਠੇ ਕਰਨ ਦਾ ਹੈ। ਇਹ ਪੁਲਿਸ ਨਾ ਤਾਂ ਲੋਕਾਂ ਨੂੰ ਇਨਸਾਫ਼ ਦਿੰਦੀ ਹੈ ਅਤੇ ਨਾ ਹੀ ਸੋਸ਼ਲ ਪੁਲੀਸਿੰਗ ਦਾ ਕੰਮ ਕਰਦੀ ਹੈ, ਸਗੋਂ ਰਿਸ਼ਵਤ ਦਾ ਧੰਨ ਇਕੱਠਾ ਕਰਨ ‘ਚ ਹੀ ਯਕੀਨ ਕਰਦੀ ਹੈ।

ਥਾਣਾ ਬਿਲਗਾ ਦੇ ਕਰੀਬ ਅੱਠ ਕੇਸਾਂ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਦੀ ਅਗਵਾਈ ਹੇਠ ਅੱਜ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਨੇ ਇਸ ਥਾਣੇ ਨੂੰ ਲੁੱਟ ਦਾ ਕੇਂਦਰ ਬਣਾਇਆ ਹੋਇਆ ਹੈ। ਪੂਰੇ ਪੰਜਾਬ ਅੰਦਰ ਲੋਕ ਕਤਲਾਂ, ਫਿਰੌਤੀਆਂ ਕਾਰਨ ਪ੍ਰੇਸ਼ਾਨੀ ਦੀ ਹਾਲਤ ‘ਚ ਜਿਓਂ ਰਹੇ ਹਨ। ਮੌਜੂਦਾ ਸਰਕਾਰ ਬਦਲਾਅ ਦੇ ਨਾਂ ‘ਤੇ ਬਣੀ ਪਰ ਬਦਲਾਅ ਵਾਲੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ। ਜਿਸ ਦੀ ਜ਼ਿੰਮੇਵਾਰ ਹਾਕਮ ਧਿਰਾਂ ਹਨ।
ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਪੁਲੀਸ ਵਲੋਂ ਅਜੋਕੇ ਦੌਰ ‘ਚ ਲੋਕਾਂ ਨਾਲ ਕੀਤੇ ਵਰਤਾਓ ਦਾ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਦੇਣਾ ਪਵੇਗਾ। ਇਸ ਧਰਨੇ ਨੂੰ ਹੋਰਨਾ ਤੋਂ ਇਲਾਵਾ ਕੁਲਦੀਪ ਫਿਲੌਰ, ਕੁਲਜਿੰਦਰ ਤਲਵਣ, ਕੁਲਦੀਪ ਵਾਲੀਆ, ਚਰਨਜੀਤ ਥੰਮੂਵਾਲ, ਸਰਬਜੀਤ ਸੰਗੋਵਾਲ, ਮੇਜਰ ਫਿਲੌਰ, ਗੁਰਦੀਪ ਗੋਗੀ, ਮਨਜਿੰਦਰ ਢੇਸੀ, ਦਵਿੰਦਰ ਸਿੰਘ ਸੰਗੋਵਾਲ, ਕੁਲਜੀਤ ਫਿਲੌਰ, ਮੱਖਣ ਸੰਗਰਾਮੀ, ਅਮ੍ਰਿੰਤ ਨੰਗਲ, ਬਨਾਰਸੀ ਘੁੜਕਾ, ਮਨਜੀਤ ਸੂਰਜਾ, ਕੁਲਵੰਤ ਖਹਿਰਾ, ਬਲਬੀਰ ਬੀਰੀ, ਸੁਰਜੀਤ ਸਿੰਘ ਬਿਲਗਾ, ਸਤੀਸ਼ ਪੁਆਦੜਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਇਸ ਮਗਰੋਂ ਪੁਲਿਸ ਅਧਿਕਾਰੀਆਂ ਨਾਲ ਆਗੂਆਂ ਨੇ ਗੱਲਬਾਤ ਕੀਤੀ, ਜਿਸ ‘ਚ ਡੀਐੱਸਪੀ ਫਿਲੌਰ ਵਲੋਂ ਭੇਜੇ ਗੁਰਾਇਆ ਦੇ ਥਾਣਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਉਚੇਚੇ ਤੌਰ ‘ਤੇ ਹਾਜ਼ਰ ਹੋਏ। ਇਸ ਦੌਰਾਨ ਬਿਹਤਰ ਮਾਹੌਲ ‘ਚ ਆਗੂਆਂ ਨੇ ਲੋਕਾਂ ਦੇ ਮਸਲੇ ਪੁਲਿਸ ਕੋਲ ਰੱਖੇ। ਜਿਸ ਮਗਰੋਂ ਧਰਨਾਕਾਰੀਆਂ ਨੂੰ ਇੰਸਪੈਕਟਰ ਸਿਕੰਦਰ ਸਿੰਘ ਨੇ ਯਕੀਨ ਦਵਾਇਆ ਕਿ ਲੋਕਾਂ ਨੂੰ ਹਰ ਹਾਲਤ ਵਿਚ ਇਨਸਾਫ਼ ਦਿੱਤਾ ਜਾਵੇਗਾ। ਯਕੀਨ ਦਵਾਉਣ ‘ਤੇ ਧਰਨਾ ਸਮਾਪਤ ਕੀਤਾ ਗਿਆ।
