Breaking
Tue. Apr 22nd, 2025

ਜ਼ਿਲ੍ਹੇ ‘ਚ 79,966 ਮੀਟਰਕ ਟਨ ਕਣਕ ਦੀ ਆਮਦ, 76,842 ਮੀਟਰਕ ਟਨ ਹੋਈ ਖਰੀਦ, 132 ਕਰੋੜ ਰੁਪਏ ਦੀ ਅਦਾਇਗੀ

  • ਅਧਿਕਾਰੀ ਸੁਚਾਰੂ ਢੰਗ ਨਾਲ ਖਰੀਦ, ਸਮੇਂ-ਸਿਰ ਲਿਫਟਿੰਗ ਅਤੇ ਅਦਾਇਗੀ ਯਕੀਨੀ ਬਣਾਉਣ : ਡਿਪਟੀ ਕਮਿਸ਼ਨਰ
  • ਕਿਸਾਨਾਂ ਨੇ ਕਣਕ ਦੀ ਨਾਲੋ-ਨਾਲ ਖਰੀਦ ਹੋਣ ‘ਤੇ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ

ਜਲੰਧਰ, 20 ਅਪ੍ਰੈਲ 2025- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ 79,966 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 76,842 ਮੀਟਰਕ ਟਨ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਖਰੀਦੀ ਗਈ ਕਣਕ ਦੀ 132 ਕਰੋੜ ਰੁਪਏ ਦੀ ਅਦਾਇਗੀ ਵੀ ਯਕੀਨੀ ਬਣਾਈ ਗਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਜ਼ਿਲ੍ਹੇ ਦੀਆ 79 ਮੰਡੀਆਂ ਵਿੱਚ 5.25 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਬੰਪਰ ਪੈਦਾਵਾਰ ਨੂੰ ਦੇਖਦਿਆਂ 23 ਆਰਜ਼ੀ ਮੰਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਣਕ ਦੇ ਸੀਜ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸੁਚਾਰੂ ਢੰਗ ਨਾਲ ਖਰੀਦ, ਸਮੇਂ-ਸਿਰ ਲਿਫਟਿੰਗ ਅਤੇ ਅਦਾਇਗੀ ਯਕੀਨੀ ਬਣਾਈ ਜਾਵੇ।
ਡਾ. ਅਗਰਵਾਲ ਨੇ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦੁਹਰਉਂਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਖਰੀਦ ਕੇਂਦਰਾਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਉਧਰ ਦੂਜੇ ਪਾਸੇ ਕਿਸਾਨਾਂ ਵਲੋਂ ਮੰਡੀਆਂ ਵਿੱਚ ਕੀਤੇ ਗਏ ਸੁਚਾਰੂ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ ਗਈ।
ਅੱਜ ਮਹਿਤਪੁਰ ਦਾਣਾ ਮੰਡੀ ਵਿੱਚ ਆਪਣੀ ਕਣਕ ਦੀ ਫ਼ਸਲ ਲੈ ਕੇ ਆਏ ਪਿੰਡ ਬਾਠ ਕਲਾਂ ਦੇ ਕਿਸਾਨ ਲਖਵੀਰ ਸਿੰਘ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕੀਤੇ ਖ਼ਰੀਦ ਪ੍ਰਬੰਧਾਂ ਦੀ ਸ਼ਲਾਘਾ ਕੀਤੀ, ਉੱਥੇ ਪਿੰਡ ਲਸੂੜੀ ਦੀ ਦਾਣਾ ਮੰਡੀ ਵਿੱਚ ਕਣਕ ਦੀ ਫ਼ਸਲ ਲੈ ਕੇ ਆਏ ਪਿੰਡ ਹੇਰਾਂ ਦੇ ਕਿਸਾਨ ਬਲਵਿੰਦਰ ਸਿੰਘ ਨੇ ਵੀ ਮੰਡੀਆਂ ਵਿੱਚ ਕੀਤੇ ਸੁਚਾਰੂ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ।

ਇਨ੍ਹਾਂ ਤੋਂ ਇਲਾਵਾ ਪਿੰਡ ਸਲੈਚਾਂ ਦੇ ਕਿਸਾਨ ਨਵਦੀਪ ਸਿੰਘ, ਜੋ ਕੁਹਾੜਾ ਦਾਣਾ ਮੰਡੀ ਵਿੱਚ ਆਪਣੀ ਕਣਕ ਦੀ ਫ਼ਸਲ ਵਿਕਰੀ ਲਈ ਲੈ ਕੇ ਆਏ ਸਨ, ਨੇ ਕਿਹਾ ਕਿ ਕਣਕ ਦੀ ਨਾਲੋ-ਨਾਲ ਖਰੀਦ ਤੋਂ ਇਲਾਵਾ ਇੱਥੇ ਬੈਠਣ ਅਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਹਰ ਸਹੂਲਤ ਦਾ ਪ੍ਰਬੰਧ ਹੈ।

Related Post

Leave a Reply

Your email address will not be published. Required fields are marked *