Breaking
Fri. Oct 31st, 2025

ਡਿਪਟੀ ਕਮਿਸ਼ਨਰ ਵੱਲੋਂ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਜਾਰੀ

ਲੋਕਾਂ ਨੂੰ ਘਰੇਲੂ ਬਗੀਚੀ ਤਹਿਤ ਆਪਣੇ ਘਰਾਂ ’ਚ ਰਸਾਇਣਿਕ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਦਿੱਤਾ ਸੱਦਾ

ਜਲੰਧਰ, 25 ਫਰਵਰੀ 2025 : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਬਾਗਬਾਨੀ ਵਿਭਾਗ ਵੱਲੋਂ ਘਰੇਲੂ ਬਗੀਚੀ ਲਈ ਤਿਆਰ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਜਾਰੀ ਕਰਦਿਆਂ ਜ਼ਿਲ੍ਹੇ ਦੇ ਲੋਕਾਂ ਨੂੰ ਚੰਗੀ ਸਿਹਤ ਲਈ ਘਰੇਲੂ ਬਗੀਚੀ ਤਹਿਤ ਆਪਣੇ ਘਰਾਂ ਵਿਚ ਰਸਾਇਣਿਕ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਸੱਦਾ ਦਿੱਤਾ।
ਡਾ. ਅਗਰਵਾਲ ਨੇ ਕਿਹਾ ਕਿ ਚੰਗੀ ਸਿਹਤ ਲਈ ਲੋੜੀਂਦੀ ਸੰਤੁਲਿਤ ਖੁਰਾਕ ਵਿੱਚ ਸਬਜ਼ੀਆਂ ਦਾ ਖਾਸ ਮਹੱਤਵ ਹੈ, ਜੋ ਕਿ ਵਿਟਾਮਿਨ, ਮਿਨਰਲ, ਫਾਈਬਰ ਦਾ ਵਧੀਆ ਸੋਮਾ ਹਨ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਰਿਵਾਰ ਦੀ ਲੋੜ ਅਨੁਸਾਰ ਆਪਣੇ ਘਰ ਵਿੱਚ ਘਰੇਲੂ ਬਗੀਚੀ ਤਹਿਤ ਸਬਜ਼ੀਆਂ ਦੀ ਰਸਾਇਣਿਕ ਜ਼ਹਿਰਾਂ ਤੋਂ ਰਹਿਤ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਇੱਕ ਤਾਂ ਉਨ੍ਹਾਂ ਦੇ ਪੈਸੇ ਦੀ ਬੱਚਤ ਹੋਵੇਗੀ ਅਤੇ ਦੂਜਾ ਸਾਫ਼-ਸੁਥਰੀ ਅਤੇ ਤਾਜ਼ੀ ਸਬਜ਼ੀ ਦਾ ਸੇਵਨ ਕਰਨ ਨਾਲ ਸਿਹਤ ਤੰਦਰੁਸਤ ਰਹੇਗੀ ਕਿਉਂਕਿ ਸਬਜ਼ੀਆਂ ਤੋਂ ਖੁਰਾਕੀ ਤੱਤ ਭਰਪੂਰ ਮਾਤਰਾ ਵਿੱਚ ਮਿਲਦੇ ਹਨ।
ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਮਹੀਨਾ ਫਰਵਰੀ-ਮਾਰਚ ਦੌਰਾਨ 35,000 ਸਬਜ਼ੀ ਬੀਜ ਕਿੱਟਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇਹ ਕਿੱਟਾਂ ਤਿਆਰ ਕਰਨ ਲਈ ਜ਼ਿਲ੍ਹਾ ਜਲੰਧਰ ਨੂੰ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਜਲੰਧਰ ਡਾ. ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਕਿੱਟਾਂ ਵਿੱਚ 10 ਵੱਖ-ਵੱਖ ਕਿਸਮਾਂ ਦੇ ਸਬਜ਼ੀ ਬੀਜ ਹਨ, ਜਿਨ੍ਹਾਂ ਵਿੱਚ ਭਿੰਡੀ, ਘੀਆ ਕੱਦੂ, ਖੀਰਾ, ਚੱਪਣ ਕੱਦੂ, ਘੀਆ ਤੋਰੀ, ਕਾਊਪੀਜ਼ (ਲੋਬੀਆਂ), ਟੀਂਡਾ, ਹਲਵਾ ਕੱਦੂ, ਤਰ, ਕਰੇਲਾ ਆਦਿ ਹਨ। ਇਨ੍ਹਾਂ ਦੀ ਇਸ ਸਮੇਂ ਦੌਰਾਨ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿੱਟ ਨਾਲ 5-6 ਮਰਲੇ ਵਿੱਚ ਬਿਜਾਈ ਕਰਕੇ 4-5 ਪਰਿਵਾਰਕ ਮੈਂਬਰਾਂ ਦੀ ਸਬਜ਼ੀਆਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਇੱਕ ਸਬਜ਼ੀ ਬੀਜ ਕਿੱਟ ਦੀ ਕੀਮਤ 80 ਰੁਪਏ ਹੈ ਅਤੇ ਇਹ ਸਬਜ਼ੀ ਬੀਜ ਕਿੱਟਾਂ ਬਾਗਬਾਨੀ ਵਿਭਾਗ ਦੇ ਮੁੱਖ ਦਫ਼ਤਰ ਜਾਂ ਬਲਾਕਾਂ ਦੇ ਦਫ਼ਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ
ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਜੋਬਨਪ੍ਰੀਤ ਸਿੰਘ ਵੀ ਮੌਜੂਦ ਸਨ।

ਕੈਪਸ਼ਨ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਘਰੇਲੂ ਬਗੀਚੀ ਲਈ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਜਾਰੀ ਕਰਦੇ ਹੋਏ।

Related Post

Leave a Reply

Your email address will not be published. Required fields are marked *