ਅਧਿਕਾਰੀਆਂ ਨੂੰ ਆਲੂਆਂ ਦਾ ਬੀਜ ਨਿਰਯਾਤ ਕਰਨ ਲਈ ਢੁੱਕਵੀਂ ਵਿਉਂਤਬੰਦੀ ਤਿਆਰ ਕਰਨ ਦੀਆਂ ਹਦਾਇਤਾਂ
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨੂੰ ਹੋਰ ਵੱਡੇ ਪੱਧਰ ’ਤੇ ਅਪਨਾਉਣ ਦਾ ਦਿੱਤਾ ਸੱਦਾ
ਜਲੰਧਰ, 24 ਅਕਤੂਬਰ 2024 -: ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਇੰਡੋ-ਇਜ਼ਰਾਈਲ ਅਤੇ ਇੰਡੋ-ਡੱਚ ਵਰਕ ਪਲਾਨ ਤਹਿਤ ਚੱਲ ਰਹੇ ਸੈਂਟਰ ਆਫ ਐਕਸੀਲੈਂਸ ਜਲੰਧਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ।
ਇੰਡੋ-ਡੱਚ ਪਲਾਨ ਤਹਿਤ ਬਣੇ ਸੈਂਟਰ ਆਫ ਐਕਸੀਲੈਂਸ ਫਾਰ ਪੋਟੈਟੋ, ਧੋਗੜੀ, ਜਿਥੇ ਆਲੂਆਂ ਦੇ ਬੀਜ ਦੀ ਖੇਤੀ ਕੀਤੀ ਜਾਂਦੀ ਹੈ, ਦਾ ਦੌਰਾ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਦੇ ਆਲੂ ਬੀਜ ਨੂੰ ਇੱਕ ਬਰੈਂਡ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਦੇ ਆਲੂ ਦਾ ਬੀਜ ਨਾ ਕੇਵਲ ਆਪਣੇ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਲਈ ਢੁੱਕਵੀਂ ਵਿਉਂਤਬੰਦੀ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਆਲੂ ਉਤਪਾਦਕਾਂ ਦੀ ਆਮਦਨ ਵਿੱਚ ਵੀ ਇਜ਼ਾਫਾ ਹੋਵੇਗਾ।
ਬਾਗਬਾਨੀ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 117066 ਹੈਕਟੇਅਰ ਰਕਬੇ ’ਤੇ ਆਲੂ ਦੀ ਸਲਾਨਾ ਖੇਤੀ ਕੀਤੀ ਜਾਂਦੀ ਹੈ, ਜਿਸ ਵਿੱਚੋਂ ਤਕਰੀਬਨ 60 ਤੋਂ 65 ਫੀਸਦੀ ਰਕਬਾ ਆਲੂ ਦਾ ਬੀਜ ਬਣਾਉਣ ਲਈ ਹੀ ਕਾਸ਼ਤ ਕੀਤਾ ਜਾਂਦਾ ਹੈ। ਇਹ ਕੁਆਲਟੀ ਵਾਲਾ ਬੀਜ ਦੇਸ਼ ਦੇ ਸਮੂਹ ਰਾਜਾਂ ਨੂੰ ਆਲੂ ਦੀ ਖੇਤੀ ਵਾਸਤੇ ਭੇਜਿਆ ਜਾਂਦਾ ਹੈ, ਇਸ ਤਰ੍ਹਾਂ ਪੰਜਾਬ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਆਫ ਐਕਸੀਲੈਂਸ ਫਾਰ ਪਟੈਟੋ ਵਿਖੇ ਆਲੂ ਦਾ ਇਹ ਗੁਣਵੱਤਾ ਵਾਲਾ ਬੀਜ ਤਿਆਰ ਕਰਨ ਲਈ ਵੱਖ-ਵੱਖ ਹਾਈਟੈੱਕ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ।
ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਕਰਤਾਰਪੁਰ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਫਸਲਾਂ ਦੀ ਸੁਰੱਖਿਅਤ ਖੇਤੀ ਤੇ ਲੰਮੇ ਸਮੇਂ ਲਈ ਵੱਧ ਝਾੜ, ਆਧੁਨਿਕ ਮਸ਼ੀਨਰੀ, ਸੋਰਟਿੰਗ/ਗ੍ਰੇਡਿੰਗ ਲਾਈਨ, ਹਾਈਡਰੋਪੋਨਿਕ ਯੂਨਿਟ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਵਿਖੇ ਅਪਣਾਈਆਂ ਜਾਂਦੀਆਂ ਤਕਨੀਕਾਂ ਬਾਰੇ ਜਾਗਰੂਕ ਕਰਕੇ ਲਾਹੇਵੰਦ ਖੇਤੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਇਥੇ ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਨੂੰ ਹੋਰ ਵੱਡੇ ਪੱਧਰ ’ਤੇ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਘੱਟ ਪਾਣੀ ਦੀ ਖ਼ਪਤ ਵਾਲੀਆਂ ਫ਼ਸਲਾਂ/ਸਬਜ਼ੀਆਂ ਦੀ ਕਾਸ਼ਤ ਸਮੇਂ ਦੀ ਮੁੱਖ ਲੋੜ ਹੈ, ਜਿਸ ਦੇ ਲਈ ਕਿਸਾਨਾਂ ਨੂੰ ਕਣਕ-ਝੋਨੇ ਦੇ ਰਿਵਾਇਤੀ ਫ਼ਸਲ ਚੱਕਰ ’ਚੋਂ ਨਿਕਲ ਕੇ ਹਾਈਟੈੱਕ ਖੇਤੀ ਅਪਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਹਰ ਸੰਭਵ ਮਦਦ ਲਈ ਹਰ ਸਮੇਂ ਤਤਪਰ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਬਾਗਬਾਨੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸੈਂਟਰ ਦੀਆਂ ਸਰਗਰਮੀਆਂ ਨਾਲ ਜੋੜਿਆ ਜਾਵੇਗਾ ਅਤੇ ਫ਼ਸਲੀ ਵਿਭਿੰਨਤਾ ਅਪਨਾਉਣ ਲਈ ਹੋਰ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਮੌਕੇ ਹੋਈ ਮੀਟਿੰਗ ਦੌਰਾਨ ਜਲੰਧਰ ਦੇ ਕਰੀਬ 12 ਅਗਾਂਵਧੂ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਕੈਬਨਿਟ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਬਾਗਬਾਨੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਲੋੜੀਂਦੀਆਂ ਸਰਕਾਰੀ ਸੁਵਿਧਾਵਾਂ ਬਾਰੇ ਉਨ੍ਹਾਂ ਦੇ ਸੁਝਾਅ ਵੀ ਸੁਣੇ। ਇਸ ਮੌਕੇ ਐਸ. ਡੀ. ਐਮ. ਬਲਬੀਰ ਰਾਜ ਸਿੰਘ ਅਤੇ ਸੈਂਟਰਾਂ ਦਾ ਸਮੂਹ ਸਟਾਫ ਮੌਜੂਦ ਸੀ।
 
                        