ਬਲਾਕ ਜਲੰਧਰ ਪੂਰਬੀ : ਖੋ-ਖੋ ਅੰਡਰ-14 (ਲੜਕੇ) ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਪਹਿਲਾ ਸਥਾਨ ਕੀਤਾ ਹਾਸਲ
ਜਲੰਧਰ, 7 ਸਤੰਬਰ 2024-‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਤਹਿਤ ਸ਼ਨੀਵਾਰ ਨੂੰ ਜਲੰਧਰ ਪੂਰਬੀ ਅਤੇ ਨੂਰਮਹਿਲ ਬਲਾਕ ਦੇ ਖੇਡ ਮੁਕਾਬਲੇ ਕਰਵਾਏ ਗਏ।
ਜਲੰਧਰ ਪੂਰਬੀ ਬਲਾਕ ਵਿਚ ਹੋਏ ਖੇਡ ਮੁਕਾਬਲਿਆਂ ਦੌਰਾਨ ਵਿਧਾਇਕ ਰਮਨ ਅਰੋੜਾ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਖੇਡਾਂ ਦੇ ਖੇਤਰ ਵਿੱਚ ਵੀ ਦੇਸ਼ ਦਾ ਮੋਹਰੀ ਸੂਬਾ ਬਣੇਗਾ।
ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਨੌਜਵਾਨਾਂ ਨੂੰ ਨਵੀਂ ਸੇਧ ਦਿੱਤੀ ਹੈ ਅਤੇ ਇਹ ਖੇਡਾਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਯਤਨਾਂ ਸਦਕਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵੱਡੀ ਗਿਣਤੀ ਖਿਡਾਰੀ/ਖਿਡਾਰਨਾਂ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਆਪ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਪੁੱਜੇ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਜਲੰਧਰ ਪੂਰਬੀ ਦੇ ਖੋ-ਖੋ (ਅੰਡਰ 14 ਲੜਕੀਆਂ) ਮੁਕਾਬਲੇ ਵਿੱਚ ਸਪੋਰਟਸ ਕਲੱਬ ਹਮੀਰੀ ਖੇੜਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਤਾਜਪੁਰ ਨੇ ਦੂਜਾ ਅਤੇ ਸੇਂਟ ਜੋਰਜ ਕਾਨਵੈਂਟ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖੋ-ਖੋ ਅੰਡਰ-14 ਲੜਕੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਪੂਰਨਪੁਰ ਨੇ ਪਹਿਲਾ, ਸਪੋਰਟਸ ਕਲੱਬ ਹਮੀਰੀ ਖੇੜਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਤਾਜਪੁਰ ਨੇ ਤੀਜਾ ਸਥਾਨ ਹਾਸਲ ਕੀਤਾ।
ਬਲਾਕ ਨੂਰਮਹਿਲ ਵਿਖੇ ਹੋਏ ਕਬੱਡੀ ਨੈਸ਼ਨਲ ਸਟਾਈਲ ਅੰਡਰ-14 (ਲੜਕੇ) ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਗੁਦਰਾ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਰਾਜੋਵਾਲ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਸੈਦੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੇ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਰਾਜੋਵਾਲ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਗੁਦਰਾ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਤਲਵਣ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ ਸਰਕਲ ਸਟਾਈਲ ਅੰਡਰ-17 (ਲੜਕੇ) ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਚੀਮਾ ਕਲਾਂ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਤਲਵਣ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ ਬਿਲਗਾ ਨੇ ਤੀਜਾ ਸਥਾਨ ਹਾਸਲ ਕੀਤਾ।

ਖੋ-ਖੋ ਅੰਡਰ-14 ਲੜਕੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਣ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਮਰਪੁਰ ਕਲਾਂ ਦੂਜੇ ਅਤੇ ਸਰਕਾਰੀ ਹਾਈ ਸਕੂਲ ਪੁਵਾਦੜਾਂ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਖੋ-ਖੋ ਅੰਡਰ-14 ਲੜਕੀਆਂ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਮਰਪੁਰ ਕਲਾਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਗਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਪੁਵਾਦੜਾਂ ਨੇ ਤੀਜਾ ਹਾਸਲ ਕੀਤਾ।


