ਪੰਜਾਬ ਸਰਕਾਰ ਨੇ ਲਾਰੇ ਲਾਉਣ ਤੇ ਫ਼ੋਕੀ ਇਸ਼ਤਿਹਾਰਬਾਜ਼ੀ ਵਿਚ ਪਹਿਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡਿਆ:- ਜਰਨੈਲ ਫਿਲੌਰ।
ਫਿਲੌਰ, 7 ਸਤੰਬਰ 2024-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬ੍ਰਾਂਚ ਰਵਿਦਾਸਪੁਰਾ ਫਿਲੌਰ ਦੀ ਇਕ ਮੀਟਿੰਗ ਡਾਕਟਰ ਸੰਦੀਪ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਾਰਟੀ ਦੇ ਜਿਲ੍ਹਾ ਕਮੇਟੀ ਮੈਬਰ ਕਾਮਰੇਡ ਜਰਨੈਲ ਫਿਲੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਨਾਲ ਕੀਤੇ ਹੋਏ ਵਾਅਦੇ ਯਾਦ ਕਰਾਉਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਇਸ ਲੜੀ ਤਹਿਤ ਜ਼ਿਲ੍ਹਾ ਜਲੰਧਰ ਦੇ ਵਰਕਰਾਂ ਵਲੋ 9 ਸਤੰਬਰ ਨੂੰ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਘਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਕੇ ਵਾਅਦੇ ਯਾਦ ਕਰਾਏ ਜਾਣਗੇ। ਉਹਨਾਂ ਕਿਹਾ ਕਿ ਝੂਠੇ ਵਾਅਦੇ ਤੇ ਫ਼ੋਕੀ ਇਸ਼ਤਿਹਾਰਬਾਜ਼ੀ ਵਿਚ ਭਗਵੰਤ ਮਾਨ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡਿਆ ਹੈ।ਉਹਨਾ ਕਿਹਾ ਕਿ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਸਿਹਤ, ਸਿੱਖਿਆ ਤੇ ਸਮਾਜਿਕ ਸੁਰੱਖਿਆ ਵਿੱਚ ਕ੍ਰਾਂਤੀ ਕਰਨ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਸਰਕਾਰ ਬਣਨ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਬੀਬੀਆਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਬਾਰੇ ਸਰਕਾਰ ਖ਼ਾਮੋਸ਼ ਹੈਂ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਂਨਸ਼ਨ ਵਿੱਚ ਵਾਅਦੇ ਮੁਤਾਬਿਕ ਵਾਧਾ ਨਹੀ ਕੀਤਾ ਗਿਆ। ਇਲਾਜ਼ ਵਾਸਤੇ ਲੋਕ ਦਰ ਦਰ ਭਟਕ ਰਹੇ ਹਨ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਮਾਹਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਤੇ ਦਵਾਈ ਵੀ ਬਹੁਤ ਘੱਟ ਆਉਂਦੀ ਹੈ। ਮੁਹੱਲਾ ਕਲੀਨਿਕ ਚਿੱਟਾ ਹਾਥੀ ਸਾਬਿਤ ਹੋਏ ਹਨ। ਸਰਕਾਰੀ ਸਕੂਲ ਤੇ ਕਾਲਜ ਅਧਿਆਪਕਾ ਦੀ ਘਾਟ ਨਾਲ ਜੂਝ ਰਹੇ ਹਨ ਤੇ ਬੇਰੁਜਗਾਰ ਨੌਜਵਾਨ ਲੜਕੇ ਲੜਕੀਆਂ ਨੌਕਰੀ ਲਈ ਪਾਣੀ ਵਾਲੀਆਂ ਟੈਂਕੀਆਂ, ਟਾਵਰਾਂ ਤੇ ਪ੍ਰਸਾਸ਼ਨਿਕ ਅਦਾਰਿਆਂ ਦੀਆਂ ਇਮਾਰਤਾਂ ਤੇ ਰੁਜਗਾਰ ਦੀ ਮੰਗ ਕਰ ਰਹੇ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਿਆ ਪਿਆ ਹੈ। ਇਸ ਮੌਕੇ ਮਾਸਟਰ ਹੰਸ ਰਾਜ ਤੇ ਨੌਜਾਵਨ ਆਗੂ ਪਰਸ਼ੋਤਮ ਫਿਲੌਰ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਵਾਅਦਾ ਕਰਕੇ ਆਈ ਸੀ ਕਿ ਛੇ ਮਹੀਨੇ ਵਿੱਚ ਨਸ਼ੇ ਖਤਮ ਕਰ ਦਿੱਤੇ ਜਾਣਗੇ ਪਰ ਏਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਸ਼ਿਆਂ ਦੀ ਸ਼ਰੇਆਮ ਵਿਕਰੀ ਹੋ ਰਹੀ ਹੈ ਤੇ ਗੁੰਡਾ ਗਰਦੀ, ਚੋਰੀਆਂ ਤੇ ਲੁੱਟਾਂ ਖੋਹਾਂ ਦਿਨ ਦਿਹਾੜੇ ਹੋ ਰਹੀਆਂ ਹਨ ਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
ਇਸ ਮੌਕੇ ਫਿਲੌਰ ਤੋਂ ਭਾਰੀ ਗਿਣਤੀ ਵਿੱਚ 09 ਸਤੰਬਰ ਨੂੰ ਪ੍ਰਦਰਸ਼ਨ ਵਿਚ ਪਹੁੰਚਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਗੋਬਿੰਦ ਰਾਮ, ਸਾਬੀ ਜਗਤਪੁਰ, ਤਰਸੇਮ ਲਾਲ, ਗੁਰਬਚਨ ਰਾਮ, ਕਰਨੈਲ ਸਿੰਘ ਸੰਤੋਖਪੁਰਾ, ਹੰਸ ਕੌਰ, ਮੋਹਿੰਦਰ ਕੌਰ, ਸੁਨੀਤਾ ਫਿਲੌਰ, ਕਮਲਜੀਤ ਕੌਰ ਬੰਗਰ, ਹੰਸੋ, ਵਿਦਿਆ, ਆਸ਼ਾ ਰਾਣੀ, ਆਦਿ ਹਾਜ਼ਰ ਸਨ।
