ਗੁਰਾਇਆ, 30 ਅਗਸਤ 2024- ਉੱਘੇ ਕਿਸਾਨ ਆਗੂ ਸਾਥੀ ਸ਼ਿੰਗਾਰਾ ਸਿੰਘ ਬੋਪਾਰਾਏ ਨੂੰ ਸੱਤਵੀਂ ਬਰਸੀ ਮੌਕੇ ਇਨਕਲਾਬੀ ਰਵਾਇਤਾਂ ਨਾਲ ਯਾਦ ਕੀਤਾ ਗਿਆ। ਇਸ ਮੌਕੇ ਇਕੱਤਰਤਾ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀਆਂ ਮੰਗਾਂ ਲਈ 9 ਸਤੰਬਰ ਤੋਂ ਮੰਤਰੀਆਂ ਦੇ ਘਰਾਂ ਦੇ ਅੱਗੇ ਧਰਨੇ ਦੇਣ ਉਪਰੰਤ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵੱਖ ਵੱਖ ਰੰਗਾਂ ਦੀਆਂ ਪਾਰਟੀਆਂ ਨੇ ਪੰਜਾਬ ਦੇ ਮਸਲੇ ਹੱਲ੍ਹ ਨਹੀਂ ਕੀਤੇ ਸਗੋਂ ਵੋਟਾਂ ਦੀ ਖਾਤਰ ਇਨ੍ਹਾਂ ਮਸਲਿਆਂ ਨੂੰ ਉਲਝਾਈ ਰੱਖਿਆ। ਜਿਸ ਲਈ ਲਿਬਰੇਸ਼ਨ ਸਮੇਤ ਹੋਰ ਖੱਬੀਆਂ ਪਾਰਟੀਆਂ ਵਲੋਂ ਲਗਾਤਾਰ ਮੁਹਿੰਮ ਚਲਾ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਜਾਏਗੀ ਕਿ ਪੰਜਾਬ ਦੇ ਮਸਲੇ ਹੱਲ੍ਹ ਕੀਤੇ ਜਾਣ। ਉਨ੍ਹਾ ਅੱਗੇ ਕਿਹਾ ਕਿ ਦੋ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਮੁਜ਼ਹਾਰਾ ਕੀਤਾ ਜਾ ਰਿਹਾ ਹੈ। ਪੰਜਾਬ ‘ਚ ਖੇਤੀ ਅਧਾਰਤ ਸਨਅਤਾਂ ਨਾ ਲਗਾਉਣ, ਖੇਤੀ ਬਰਾਮਦਾਂ ਵੱਲ ਧਿਆਨ ਨਾ ਦੇਣ, ਸਹਿਕਾਰੀ ਅਦਾਰਿਆਂ ਵੱਲ ਧਿਆਨ ਨਾ ਦੇਣ ਕਾਰਨ ਪੰਜਾਬ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਰਿਹਾ। ਉਨ੍ਹਾ ਕਿਹਾ ਕਿ ਜਿਹੋ ਜਿਹਾ ਪੰਜਾਬ ਦੇ ਵਾਤਾਵਰਣ ਹੈ, ਜੇ ਸਰਕਾਰਾਂ ਦੀਆਂ ਨੀਤੀਆਂ ਠੀਕ ਹੋਣ ਤਾਂ ਪੰਜਾਬ ‘ਚ ਵੱਡਾ ਰੁਜ਼ਗਾਰ ਪੈਦਾ ਹੋ ਸਕਦਾ ਹੈ।

ਬਰਸੀ ਸਮਾਗਮ ਨੂੰ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਤੱਗੜ, ਜੰਡਿਆਲਾ ਦੇ ਸਰਪੰਚ ਮੱਖਣ ਪੱਲਣ ਨੇ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਪਰਿਵਾਰਕ ਰਿਸ਼ਤੇਦਾਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਆਰੰਭ ‘ਚ ਗਿਆਨ ਸਿੰਘ ਰੁੜਕਾ ਨੇ ਝੰਡਾ ਝੁਲਾਇਆ।
ਇਸ ਮੌਕੇ ਪਰਮਜੀਤ ਬੋਪਾਰਾਏ, ਬਨਾਰਸੀ ਘੁੜਕਾ, ਕੁਲਜੀਤ ਸਿੰਘ ਫਿਲੌਰ, ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਤਰਜਿੰਦਰ ਧਾਲੀਵਾਲ, ਸਰਪੰਚ ਰਾਮ ਲੁਭਾਇਆ, ਮਨਜੀਤ ਸੂਰਜਾ, ਬਲਬੀਰ ਬੀਰੀ, ਨੰਬਰਦਾਰ ਬਲਜਿੰਦਰ ਸਿੰਘ, ਇਕਬਾਲਜੀਤ ਬਿੱਟਾ, ਮੋਹਣ ਸਿੰਘ ਰਾਏ, ਸਤਨਾਮ ਸਿੰਘ, ਪਿਆਰਾ ਸਿੰਘ ਰਾਏ, ਰਾਮ ਲੁਭਾਇਆ, ਨੰਬਰਦਾਰ ਪਰਮਜੀਤ ਕੁਮਾਰ, ਮਾ. ਸੁਖਜੀਤ ਜੰਡਿਆਲਾ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।

