ਪੰਜਾਬ ਸਰਕਾਰ ਨੇ ਨਸ਼ਾ ਘਰ-ਘਰ ਤੱਕ ਪਹੁੰਚਾਇਆ
ਹਲਕਾ ਕਰਤਾਰਪੁਰ ਦੇ ਲੋਕਾਂ ਨੇ ਹੱਥ ਖੜੇ ਕਰਕੇ ਚਰਨਜੀਤ ਚੰਨੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
ਜਲੰਧਰ/ਕਰਤਾਰਪੁਰ, 25 ਅਪ੍ਰੈਲ 2024-ਦੁਆਬੇ ਦੀ ਤਰੱਕੀ ਤੇ ਵਿਕਾਸ ਵਿੱਚ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਇਹ ਵਿਚਾਰ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਦੇ ਇੰਚਾਰਜ ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ ਵੱਲੋ ਰੱਖੀਂ ਵਰਕਰ ਮੀਟਿੰਗ ਦੌਰਾਨ ਪ੍ਰਗਟ ਕੀਤੇ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਆਪਣੀ ਕਿਰਤ ਕਮਾਈ ਚੋਂ ਹਿੱਸਾ ਕੱਢ ਦੁਆਬੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਸ. ਚੰਨੀ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਦੇ ਪਿੰਡਾਂ ਵਿੱਚ ਜਿੰਨਾ ਵਿਕਾਸ ਐਨ.ਆਰ.ਆਈ ਭੈਣਾਂ-ਭਰਾਵਾਂ ਨੇ ਕਰਵਾਇਆ ਹੈ ਸ਼ਾਇਦ ਇੰਨਾਂ ਸਰਕਾਰਾਂ ਨੇ ਵੀ ਨਹੀਂ ਕਰਵਾਇਆ।ਚੰਨੀ ਨੇ ਕਿਹਾ ਕਿ ਉਹ ਇਸ ਹਲਕੇ ਵਿੱਚ ਐਨ.ਆਰ.ਆਈਆਂ ਦਾ ਨੁਮਾਇੰਦਾ ਬਣ ਕੇ ਵਿਚਰ ਰਹੇ ਹਨ ਤੇ ਐਨ.ਆਰ.ਆਈਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਸਹੀ ਜਾਣਕਾਰੀ ਦੇਣ ਤੇ ਕੰਮ ਕੀਤਾ ਜਾਵੇਗਾ ਤੇ ਟ੍ਰੈਵਲ ਏਜੰਟਾਂ ਕੋਲ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇਗਾ ਜਦ ਕਿ ਹਲਕੇ ਵਿੱਚ ਵੀ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤੇ ਜ਼ੋਰ ਦਿੱਤਾ ਜਾਵੇਗਾ।

ਇਸ ਦੌਰਾਨ ਸ. ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਹਲਕੇ ਦੇ ਲੋਕਾਂ ਵਿੱਚ ਵਿਚਰਦਿਆਂ ਉਨ੍ਹਾਂ ਨੂੰ ਨਸ਼ਾ ਵੱਡੇ ਪੱਧਰ ਤੇ ਵਿਕਣ ਦੀ ਜਾਣਕਾਰੀ ਮਿਲੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਦੇ ਰਾਜ ਵਿੱਚ ਨਸ਼ਾ ਘਰ-ਘਰ ਤੱਕ ਪਹੁੰਚ ਰਿਹਾ ਹੈ। ਜਦ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਸ਼ਾ ਰੋਕਣ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਗੈਰ ਕਾਨੂੰਨੀ ਕੰਮ ਇੱਥੋਂ ਦੇ ਸਿਆਸੀ ਆਗੂਆਂ ਦੀ ਹੀ ਛਤਰ ਛਾਇਆ ਹੇਠ ਚੱਲ ਰਹੇ ਹਨ ਜਿਸਦੇ ਕਾਰਨ ਇਹ ਗੈਰ ਕਾਨੂੰਨੀ ਗਤੀਵਿਧੀਆਂ ਵੱਧ ਫੁੱਲ ਰਹੀਆਂ ਹਨ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਕੋਲ ਵਿਕਾਸ ਦਾ ਮਾਡਲ ਹੈ ਤੇ ਉਹਨਾਂ ਨੂੰ ਕੰਮ ਕਰਨ ਦਾ ਸ਼ੌਂਕ ਹੈ। ਉਨ੍ਹਾਂ ਕਿਹਾ ਕਿ ਖਰੜ ਦੇ ਲੋਕਾ ਨੇ ਉਨ੍ਹਾਂ ਨੂੰ ਤਿੰਨ ਵਾਰ ਕੌਂਸਲਰ ‘ਤੇ ਪ੍ਰਧਾਨ ਬਣਾਇਆ ਜਦ ਕਿ ਸ਼੍ਰੀ ਚਮਕੌਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਤਿੰਨ ਵਾਰ ਵਿਧਾਇਕ ਬਣਾਇਆ ਜਿਸਦੇ ਸਦਕਾ ਉਨਾ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਕੀਤੇ ਕੰਮ ਮੂੰਹੋ ਬੋਲ ਰਹੇ ਹਨ ਤੇ ਜੇਕਰ ਜਲੰਧਰ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਇਸ ਹਲਕੇ ਦੀ ਨੁਹਾਰ ਬਦਲ ਦੇਣਗੇ।ਇਸ ਦੌਰਾਨ ਕਰਤਾਰਪੁਰ ਹਲਕੇ ਦੇ ਲੋਕਾਂ ਨੇ ਚਰਨਜੀਤ ਚੰਨੀ ਨੂੰ ਹੱਥ ਖੜੇ ਕਰ ਵੱਡੇ ਫ਼ਰਕ ਨਾਲ ਇੱਥੋਂ ਜਿਤਾਉਣ ਦਾ ਐਲਾਨ ਕੀਤਾ। ਹਲਕਾ ਇੰਚਾਰਜ ਤੇ ਸਾਬਕਾ ਐਸ.ਐਸ.ਪੀ ਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਤਜ਼ਰਬੇਕਾਰ ਸਿਆਸਤਦਾਨ ਨੂੰ ਟਿਕਟ ਦਿੱਤੀ ਤੇ ਚਰਨਜੀਤ ਸਿੰਘ ਚੰਨੀ ਦੇ ਤਜ਼ਰਬੇ ਦਾ ਇੱਥੋਂ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਇਸ ਮੌਕੇ ਤੇ ਕਰਤਾਰਪੁਰ ਹਲਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਹੋਏ।
