ਜੰਡਿਆਲਾ, 13 ਅਪ੍ਰੈਲ 2024-ਜੰਡਿਆਲਾ ਤੋਂ ਨਕੋਦਰ ਸੜਕ ਤੇ ਸਥਿਤ ਕਸਬਾ ਸ਼ੰਕਰ ‘ਚ ਅੱਜ ਸਵੇਰੇ ਇਕ ਧਾਰਮਿਕ ਅਸਥਾਨ ਤੇ ਨਿਸ਼ਾਨ ਸਾਹਿਬ ‘ਤੇ ਚੋਹਲਾ ਚੜ੍ਹਾਉਂਦੇ ਸਮੇਂ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ 62 ਸਾਲ ਤੇ ਮਹਿੰਦਰਪਾਲ 42 ਸਾਲ ਵਜੋਂ ਹੋਈ ਹੈ।
ਘਟਨਾ ਸਥਾਨ ‘ਤੇ ਮੌਜੂਦ ਇਕ ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਵਾਸੀ ਪਿੰਡ ਬਜੂਹਾ ਨੇ ਦੱਸਿਆ ਕਿ ਪਿੰਡ ‘ਚ ਸਥਿਤ ਸ਼ਹੀਦਾਂ ਦੇ ਅਸਥਾਨ ‘ਤੇ ਵਿਸਾਖੀ ਦੇ ਤਿਉਹਾਰ ਕਾਰਨ ਨਿਸ਼ਾਨ ਸਾਹਿਬ ਉਪਰ ਚੋਹਲਾ ਚੜ੍ਹਾਉਣ ਦੀ ਰਸਮ ਨਿਭਾਈ ਜਾ ਰਹੀ ਸੀ। ਇਸ ਦੌਰਾਨ ਪੰਜ ਨੌਜਵਾਨ ਨਿਸ਼ਾਨ ਸਾਹਿਬ ਉਪਰ ਚੜ੍ਹੇ ਹੋਏ ਸਨ ਇਸ ਦੌਰਾਨ ਨਿਸ਼ਾਨ ਸਾਹਿਬ ਉਲਰ ਕੇ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ। ਇਸ ਹਾਦਸੇ ਕਾਰਨ ਨਿਸ਼ਾਨ ਸਾਹਿਬ ਉਪਰ ਚੜ੍ਹੇ ਨੌਜਵਾਨਾਂ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਲੰਘੇ ਦਿਨ ਨੇੜਲੇ ਪਿੰਡ ਹਿੰਮਤ ਭੰਡਾਲ ਵਿੱਚ ਵੀ ਨਿਸ਼ਾਨ ਸਾਹਿਬ ਤਾਰਾ ਨਾਲ ਟਕਰਾਉਣ ਕਾਰਨ ਇਕ ਦੀ ਮੌਤ ਹੋ ਗਈ ਸੀ।
 
                        