ਕੈਨੇਡਾ, 17 ਮਾਰਚ 2024-(ਸਤਪਾਲ ਸਿੰਘ ਜੌਹਲ)- ਭਾਰਤ ਦੇ ਚੋਣ ਕਮਿਸ਼ਨ ਵਲੋਂ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਵੋਟਾਂ ਪਾਉਣ ਅਤੇ ਨਤੀਜਿਆਂ ਦੀਆਂ ਤਰੀਕਾਂ ਤੋਂ ਕੈਨੇਡਾ ਭਰ ਵਿੱਚ ਸਿੱਖਾਂ ਵਲੋਂ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਚੋਣ ਅਮਲ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 4 ਜੂਨ ਨੂੰ ਸਮਾਪਤ ਹੋਵੇਗਾ। ਇਸ ਦੌਰਾਨ 1 ਜੂਨ ਨੂੰ ਪੰਜਾਬ ਵਿੱਚ ਵੋਟਾਂ ਪੈਣਗੀਆਂ ਜਦ ਕਿ 1984 ਤੋਂ ਹਰ ਸਾਲ ਸਿੱਖ ਕੌਮ ਵਲੋਂ ਦੇਸ਼ ਅਤੇ ਵਿਦੇਸ਼ਾਂ ਵਿੱਚ ਸਾਕਾ ਨੀਲਾ ਤਾਰਾ ਦੇ ਦੁਖਾਂਤ ਨੂੰ ਯਾਦ ਕਰਦਿਆਂ ਜੂਨ ਦੇ ਪਹਿਲੇ ਹਫਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਅਤੇ ਸੋਗ ਮਨਾਇਆ ਜਾਂਦਾ ਹੈ। ਕੌਮ ਦੇ ਦੁੱਖ ਦੇ ਸਮੇਂ 4 ਜੂਨ ਨੂੰ ਰਾਜਨੀਤਕ ਪਾਰਟੀਆਂ ਪੰਜਾਬ ਸਮੇਤ ਭਾਰਤ ਭਰ ਵਿੱਚ ਚੋਣ ਨਤੀਜਿਆਂ ਦੀਆਂ ਖੁਸ਼ੀਆਂ ਮਨਾ ਰਹੀਆਂ ਹੋਣਗੀਆਂ ਅਤੇ ਉਹ ਵਰਤਾਰਾ ਸਿੱਖਾਂ ਦੇ ਜਖਮਾਂ ਨੂੰ ਕੁਰੇਦਣ ਦੇ ਬਰਾਬਰ ਹੋ ਸਕਦਾ ਹੈ। ਭਾਰਤ ਭਰ ਵਿੱਚ ਵੱਖ ਵੱਖ ਰਾਜਾਂ ਵਿੱਚ ਲੋਕ ਸਭਾ ਦੇ 544 ਮੈਂਬਰ ਚੁਣਨ ਲਈ ਵੋਟਾਂ ਪਾਉਣ ਦੇ ਕੁੱਲ ਸੱਤ ਦੌਰ ਹੋਣਗੇ ਅਤੇ ਪੰਜਾਬ ਨੂੰ ਆਖਰੀ ਦੌਰ (1 ਜੂਨ) ਵਿੱਚ ਰੱਖਿਆ ਗਿਆ ਹੈ।
ਕੈਨੇਡਾ ਵਿੱਚ ਸਿੱਖ ਸੰਸਥਾਵਾਂ ਦੇ ਕਈ ਆਗੂਆਂ ਦਾ ਮੰਨਣਾ ਹੈ ਪੰਜਾਬ ਨੂੰ ਆਖਰੀ ਦੌਰ ਵਿੱਚ ਰੱਖਣ ਦੀ ਬਜਾਏ ਅਪ੍ਰੈਲ ਜਾਂ ਮਈ ਵਿੱਚ ਵੋਟਾਂ ਦੀ ਤਰੀਕ ਦੇਣ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਇਹ ਵੀ ਕਿ ਚੋਣ ਨਤੀਜੇ 7 ਜੂਨ ਤੋਂ ਬਾਅਦ ਐਲਾਨੇ ਜਾਣ ਬਾਰੇ ਵੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਭਾਰਤ ਦੇ ਚੋਣ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਡਾ. ਸੁਖਬੀਰ ਸਿੰਘ ਸੰਧੂ ਸਿੱਖਾਂ ਭਾਵਨਾਵਾਂ ਨੂੰ ਸਭ ਤੋਂ ਵੱਧ ਸਮਝਦੇ ਹਨ ਜਿਸ ਕਰਕੇ ਉਨ੍ਹਾਂ ਤੋਂ ਇਸ ਬਾਰੇ ਹਮਦਰਦੀ ਨਾਲ਼ ਵਿਚਾਰ ਕਰਨ ਦੀ ਆਸ ਕੀਤੀ ਜਾ ਰਹੀ ਹੈ।