ਮੁੱਖ ਮੰਤਰੀ ਵੱਲੋਂ ਜਲੰਧਰ ਵਾਸੀਆਂ ਨੂੰ 283 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ
ਸੂਬੇ ਦੇ ਵੱਡੇ ਸਿਆਸਤਦਾਨਾਂ ਦੇ ਕਾਰਨਾਮੇ ਆਉਂਦੇ ਦਿਨਾਂ ਵਿੱਚ ਬੇਪਰਦ ਕਰਾਂਗੇ
ਨਕੋਦਰ (ਜਲੰਧਰ), 28 ਫਰਵਰੀ 2024- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਕੋਦਰ ਵਿਖੇ ਨਵੇਂ ਬਣੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਹਸਪਤਾਲ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਹ 30 ਬਿਸਤਰਿਆਂ ਵਾਲਾ ਨਵਾਂ ਜੱਚਾ-ਬੱਚਾ ਵਿੰਗ ਲਗਭਗ ਛੇ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਹਸਪਤਾਲ ਵਿੱਚ ਔਰਤਾਂ ਦੀ ਸਿਹਤ ਸੰਭਾਲ ਲਈ ਮਾਹਿਰ ਡਾਕਟਰ ਤਾਇਨਾਤ ਰਹਿਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹਸਪਤਾਲ ਜਣੇਪੇ ਤੋਂ ਪਹਿਲਾਂ ਗਰਭ-ਅਵਸਥਾਵਾਂ ਦੀ ਸਹੀ ਜਾਂਚ ਕਰਵਾਏਗਾ ਅਤੇ ਮਾਹਿਰ ਡਾਕਟਰ ਤੇ ਸਟਾਫ਼, ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣਗੇ, ਜਿਸ ਵਿੱਚ ਸੀਜੇਰੀਅਨ ਜਣੇਪਾ, ਘੱਟ ਵਜ਼ਨ ਅਤੇ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਲਈ ਇੱਕੋ ਛੱਤ ਹੇਠ ਐਨ.ਆਈ.ਸੀ.ਯੂ ਦੀ ਸਹੂਲਤ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਜਿਲੇ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਕੇ ਜਲੰਧਰ ਵਾਸੀਆਂ ਨੂੰ 283 ਕਰੋੜ ਰੁਪਏ ਦਾ ਤੋਹਫਾ ਦਿੱਤਾ ਹੈ।

283 ਕਰੋੜ ਰੁਪਏ ਦੇ ਇਹਨਾਂ ਪ੍ਰਾਜੈਕਟਾਂ ਵਿੱਚੋਂ ਕੁਝ ਦਾ ਨੀਂਹ ਪੱਥਰ ਰੱਖਣ ਅਤੇ ਕੁਝ ਪ੍ਰਾਜੈਕਟ ਲੋਕਾਂ ਨੂੰ ਸਮਰਿਪਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਜਲੰਧਰ ਤੋਂ ਚੁਣੇ ਗਏ ਲੋਕ ਸਭਾ ਮੈਂਬਰ ਨੇ ਲੋਕਾਂ ਦੀ ਭਲਾਈ ਅਤੇ ਜ਼ਿਲ੍ਹੇ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਖੁਸ਼ੀਆਂ ਦੇ ਸਮਾਗਮ ਹੋਣੋਂ ਬੰਦ ਹੋ ਗਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ‘ਚ ‘ਆਪ’ ਸਰਕਾਰ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਪੰਜਾਬ ਦੀ ਆਬੋ-ਹਵਾ ਬਦਲ ਗਈ ਹੈ ਜਿੱਥੇ ਹੁਣ ਸੁਖਾਵਾਂ ਮਾਹੌਲ ਪੈਦਾ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਕਾਰਨ ਸੂਬੇ ਦੇ 90 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ 664 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ ਅਤੇ ਅਜਿਹੇ 150 ਹੋਰ ਕਲੀਨਿਕ ਜਲਦੀ ਹੀ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਤੱਕ ਲਗਭਗ ਇਕ ਕਰੋੜ ਲੋਕ ਇਨ੍ਹਾਂ ਕਲੀਨਿਕਾਂ ਤੋਂ ਮੁਫਤ ਸਿਹਤ ਸੇਵਾਵਾਂ ਦਾ ਲਾਭ ਉਠਾ ਚੁੱਕੇ ਹਨ ਅਤੇ ਸਿਹਤ ਸੰਭਾਲ ਖੇਤਰ ਵਿੱਚ ਇਹ ਇੱਕ ਨਵੀਂ ਕ੍ਰਾਂਤੀ ਹੈ ਅਤੇ ਇਸ ਖੇਤਰ ਨੂੰ ਨਵਾਂ ਰੂਪ ਦੇਣ ਲਈ ਯਤਨ ਜਾਰੀ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਜਿਹਨਾਂ ਵਿੱਚ ਬਿਲਗਾ ਤੋਂ ਗਦਰੀ ਬਾਬਿਆ ਦਾ ਉਚੇਚਾ ਨਾ ਲੈ ਕੇ ਕਿਹਾ ਕਿ ਕਿਸੇ ਜਮਾਤ ਤੋਂ ਰਹਿਤ ਲੋਕਤੰਤਰ ਦੀ ਕਲਪਨਾ ਕੀਤੀ ਸੀ ਜਿੱਥੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੇ ਅਸਲੀ ਸੇਵਕ ਵਜੋਂ ਕੰਮ ਕਰਨਗੇ। ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਪਿਛਲੇ 75 ਸਾਲਾਂ ਵਿੱਚ ਇਹ ਚੁਣੇ ਹੋਏ ਨੁਮਾਇੰਦੇ ਸਰਕਾਰੀ ਖਜ਼ਾਨੇ ਵਿੱਚੋਂ ਵੱਡੀਆਂ ਤਨਖਾਹਾਂ ਅਤੇ ਪੈਨਸ਼ਨਾਂ ਲੈ ਕੇ ‘ਸਿਆਸੀ ਚੌਧਰੀ’ ਬਣ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਦਿੱਤੀ ਜਾਣ ਵਾਲੀ ਇਸ ਸਹੂਲਤ ਦਾ ਸਾਰਾ ਬੋਝ ਟੈਕਸ ਦਾਤਾਵਾਂ ‘ਤੇ ਪਿਆ ਸੀ ਕਿਉਂਕਿ ਇਨ੍ਹਾਂ ਆਗੂਆਂ ਦਾ ਪੈਸਾ ਲੋਕ ਭਲਾਈ ਲਈ ਵਰਤੇ ਜਾਣ ਦੀ ਬਜਾਏ ਇਨ੍ਹਾਂ ਆਗੂਆਂ ਨੂੰ ਕਈ-ਕਈ ਪੈਨਸ਼ਨਾਂ ਦੇਣ ‘ਤੇ ਬਰਬਾਦ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਉਦੇਸ਼ਹੀਣ ਕਰ ਦਿੱਤਾ ਸੀ ਪਰ ਹੁਣ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ 40,000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਰ ਨੌਕਰੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਦਿੱਤੀ ਜਾ ਰਹੀ ਹੈ ਅਤੇ ਸਿਰਫ ਯੋਗ ਨੌਜਵਾਨਾਂ ਨੂੰ ਨੌਕਰੀ ਮਿਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਜਾ ਰਿਹਾ ਹੈ।
ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਨਕੋਦਰ ਹਲਕੇ ਵਿੱਚ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਜਿਕਰ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਿਹਨਾਂ ਵੱਲੋ ਖਾਸ ਕਰਕੇ ਨਕੋਦਰ ਸ਼ਹਿਰ ਅਤੇ ਹਲਕੇ ਵਾਸਤੇ ਫੰਡ ਦੇ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ।
 
                        