ਲੋਕ ਸਭਾ ਚੋਣਾਂ ਦੌਰਾਨ ਵੋਟ ਪ੍ਰਤੀ਼ਸ਼ਤਤਾ 70 ਫੀਸਦੀ ਤੋਂ ਵੱਧ ਯਕੀਨੀ ਬਣਾਉਣ ਲਈ ਯਤਨ ਤੇਜ਼ ਕਰਨ ਲਈ ਕਿਹਾ
ਜਲੰਧਰ, 19 ਫਰਵਰੀ 2024-ਅਗਾਮੀ ਲੋਕ ਸਭਾ ਚੋਣਾ-2024 ਨੂੰ ਮੁੱਖ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਸ੍ਰੀ ਜਸਬੀਰ ਸਿੰਘ ਨੇ ਸੋਮਵਾਰ ਨੂੰ ਜ਼ਿਲ੍ਹਾ ਸਵੀਪ ਨੋਡਲ ਅਫ਼ਸਰਾਂ ਨੂੰ ਵੋਟਿੰਗ ਪ੍ਰਤੀਸ਼ਤ ਵਧਾਉਣ ਲਈ ਸਵੀਪ ਗਤੀਵਿਧੀਆਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਮੁੱਖ ਚੋਣ ਅਧਿਕਾਰੀ ਨਾਲ ਵੀਡੀਓ ਕਾਨਫਰੰਸ ਪਿੱਛੋਂ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰਾਂ ਨੂੰ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਿਧਾਨ ਸਭਾ ਹਲਕਾ ਵਾਰ ਸਵੀਪ ਗਤੀਵਿਧੀਆਂ ਚਲਾਉਣ ਸਬੰਧੀ ਵਿਸਥਾਰਿਤ ਰਣਨੀਤੀ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਨੌਜਵਾਨਾਂ, ਔਰਤਾਂ, ਪੀ.ਡਬਲਯੂ.ਡੀ., ਸ਼ਹਿਰੀ ਵੋਟਰਾਂ ਦੀ ਵੋਟ ਪ੍ਰਤੀਸ਼ਤ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਵਿਸ਼ੇਸ਼ ਸਵੀਪ ਗਤੀਵਿਧੀਆਂ ਉਲੀਕੀਆਂ ਜਾਣ ਅਤੇ ਇਨ੍ਹਾਂ ਵਰਗਾਂ ਨੂੰ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਜ਼ਿਲ੍ਹਾ ਸਵੀਪ ਆਈਕਨਜ਼ ਨੂੰ ਸ਼ਾਮਲ ਕਰਨ ਲਈ ਵੀ ਕਿਹਾ।
ਉਨ੍ਹਾਂ ਅਧਿਕਾਰੀਆਂ ਨੂੰ ਅਜਿਹੀਆਂ ਪੋਲਿੰਗ ਲੋਕੇਸ਼ਨਾਂ, ਜਿਥੇ ਪਿਛਲੀਆਂ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਘੱਟ ਰਹੀ ਸੀ, ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਉਥੇ ਵੋਟ ਪ੍ਰਤੀਸ਼ਤ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਵੀ ਕਿਹਾ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਨੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਵੋਟ ਪ੍ਰਤੀਸ਼ਤਤਾ ਨੂੰ ਯਕੀਨੀ ਬਣਾਉਣ ਲਈ ਵੋਟਰ ਜਾਗਰੂਕਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ।
ਉਨਾਂ ਮੀਡੀਆ ਮੋਨੀਟਰਿੰਗ ਐਂਡ ਸਰਟੀਫੀਕੇਸ਼ਨ ਦੇ ਨੋਡਲ ਅਧਿਕਾਰੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੂੰ ਕਿਹਾ ਕਿ ਵੱਖ – ਵੱਖ ਸੰਚਾਰ ਸਾਧਨਾਂ ਰਾਹੀਂ ਵੋਟਰ ਜਾਗਰੂਕਤਾ ਬਾਰੇ ਦੱਸਿਆ ਜਾਵੇ । ਇਸ ਤੋਂ ਇਲਾਵਾ ਪਿਛਲੀਆਂ ਚੋਣਾਂ ਦੌਰਾਨ ਘੱਟ ਵੋਟਿੰਗ ਵਾਲੇ ਬੂਥਾਂ ਵਿਖੇ ਵੋਟ ਪ੍ਰਤੀਸ਼ਤਤਾ ਵਧਾਉਣ ਬਾਰੇ ਵਡੇਰੇ ਯਤਨ ਕੀਤੇ ਜਾਣ ।
ਉਨਾਂ ਕਿਹਾ ਕਿ ਸਵੀਪ ਗਤੀਵਿਧੀਆਂ ਬਾਰੇ ਵਧੇਰੇ ਲੋਕਾਂ ਤੱਕ ਪਹੁੰਚ ਲਈ ਸ਼ੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾਵੇ । ਇਸ ਤੋਂ ਇਲਾਵਾ ਵਿਦਿਅਕ ਅਦਾਰਿਆਂ , ਗੈਰ ਸਰਕਾਰੀ ਸੰਗਠਨਾਂ , ਐਨ ਐਸ ਐਸ ਦੇ ਵਲੰਟੀਅਰਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ ।
 
                        