ਫਿਲੌਰ, 7 ਫਰਵਰੀ 2024- ਅੱਜ ਪਿੰਡ ਮੁਠੱਡਾ ਕਲਾਂ ਵਿਖੇ ਉੱਘੇ ਕਿਸਾਨ ਆਗੂ ਨਿਰੰਜਣ ਸਿੰਘ ਮੁਠੱਡਾ ਦੀ 45ਵੀਂ ਬਰਸੀ ਮਨਾਈ ਗਈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ‘ਚ ਧਰਮਾਂ ਦੇ ਨਾਮ ‘ਤੇ ਲੋਕਾਂ ਨੂੰ ਵੰਡ ਕੇ ਰੱਖ ਦਿੱਤਾ ਹੈ। ਹਾਸ਼ੀਆ ਗ੍ਰਸਤ ਲੋਕਾਂ ਦਾ ਹਾਲ ਹੋਰ ਵੀ ਮਾੜਾ ਹੋ ਰਿਹਾ ਹੈ। ਆਜ਼ਾਦੀ ਦੇ 75-76 ਸਾਲਾਂ ਬਾਅਦ ਵੀ ਲੋਕਾਂ ਨੂੰ ਆਤਮ ਨਿਰਭਰ ਕਰਨ ਦੀ ਥਾਂ ਢਿੱਡ ਭਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਰਾਜ ਭਾਗ ਦੌਰਾਨ ਹੀ ਔਰਤਾਂ ‘ਤੇ ਹਮਲੇ ਵੀ ਵਧੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਦੇ ਸੱਦੇ ਤਹਿਤ 29 ਫਰਵਰੀ ਨੂੰ ਜਲੰਧਰ ‘ਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ‘ਚ ਵੱਡੇ ਪੱਧਰ ‘ਤੇ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ।
16 ਫਰਵਰੀ ਦੇ ਭਾਰਤ ਬੰਦ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਦੀ ਸੰਯੁਕਤ ਕਿਸਾਨ ਮੋਰਚਾ ਨੇ ਸਿਰਫ਼ ਹਮਾਇਤ ਹੀ ਨਹੀਂ ਕੀਤੀ ਸਗੋਂ ਇਸ ਨੂੰ ਕਾਮਯਾਬ ਕਰਨ ਲਈ ਸਾਰੀਆਂ ਧਿਰਾਂ ਵਲੋਂ ਇਸ ‘ਚ ਸਾਂਝ ਪਾਈ ਜਾ ਰਹੀ ਹੈ ਤਾਂ ਜੋ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਆਮ ਲੋਕਾਂ ‘ਚ ਨੰਗਾ ਕੀਤਾ ਜਾ ਸਕੇ।
ਇਸ ਮੌਕੇ ਨਰੰਜਣ ਸਿੰਘ ਮੁਠੱਡਾ ਦੇ ਪੁੱਤਰ ਬਲਜਿੰਦਰ ਸਿੰਘ ਬੂਰਾ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਸ਼ਿਵ ਕੁਮਾਰ ਤਿਵਾੜੀ, ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਰੈਲੀ ਅਤੇ ਭਾਰਤ ਬੰਦ ਦੀਆਂ ਤਿਆਰੀਆਂ ਦੀ ਰੂਪ ਰੇਖਾ ਦੀ ਵੀ ਸਾਂਝ ਪਾਈ।
ਇਸ ਸਮਾਗਮ ਦੀ ਪ੍ਰਧਾਨਗੀ ਸਰਬਜੀਤ ਗੋਗਾ, ਕੁਲਦੀਪ ਫਿਲੌਰ ਤੇ ਮੇਜਰ ਫਿਲੌਰ ਨੇ ਕੀਤੀ। ਆਰੰਭ ‘ਚ ਝੰਡਾ ਲਹਿਰਾਉਣ ਦੀ ਰਸਮ ਬਲਜਿੰਦਰ ਸਿੰਘ ਬੂਰਾ ਨੇ ਅਦਾ ਕੀਤੀ। ਇਸ ਮੌਕੇ ਨਰੰਜਣ ਸਿੰਘ ਮੁਠੱਡਾ ਦੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
