ਜਲੰਧਰ, 13 ਜਨਵਰੀ 2024-ਨਜਾਇਜ ਸ਼ਰਾਬ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਆਬਕਾਰੀ ਵਿਭਾਗ ਦੀ ਟੀਮ ਵਲੋਂ ਦਰਿਆ ਸਤਲੁਜ ਦੇ ਕੰਢੇ ’ਤੇ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਪੱਛਮੀ ਨਵਜੀਤ ਸਿੰਘ ਦੀ ਅਗਵਾਈ ਵਿੱਚ ਤਲਾਸ਼ੀ ਅਭਿਆਨ ਆਬਕਾਰੀ ਅਫ਼ਸਰ ਹੇਮੰਤ ਸ਼ਰਮਾ, ਆਬਕਾਰੀ ਇੰਸਪੈਕਟਰ ਰਾਮ ਮੂਰਤੀ, ਸਾਹਿਲ ਰੰਗਾ, ਮਨਜੀਤ ਸਿੰਘ, ਹਰਜੀਤ ਸਿੰਘ ਅਤੇ ਸਥਾਨਿਕ ਪੁਲਿਸ ਨਾਲ ਚਲਾਇਆ ਗਿਆ।

ਜਲੰਧਰ ਵਾਲੇ ਪਾਸੇ ਤੋਂ ਦਰਿਆ ਸਤਲੁਜ ਦੇ 25 ਕਿਲੋਮੀਟਰ ਖੇਤਰ ਵਿੱਚ ਤਲਾਸ਼ੀ ਦੌਰਾਨ 12 ਪਲਾਸਟਿਕ ਦੀਆਂ ਤਰਪਾਲਾਂ ਵਿੱਚ ਲਗਭਗ 22000 ਲੀਟਰ ਲਾਹਣ ਪਾਈ ਗਈ ਅਤੇ ਲਵਾਰਿਸ਼ ਲਾਹਣ ਨੂੰ ਦਰਿਆ ਦੇ ਕੰਢੇ ’ਤੇ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਟੀਮ ਵਲੋਂ 200 ਲੀਟਰ ਗੈਰ ਕਾਨੂੰਨੀ ਸ਼ਰਾਬ, ਲੋਹੇ ਦੇ ਛੇ ਵੱਡੇ ਡਰੱਮ, ਚਾਰ ਭਾਂਡੇ ਪਾਏ ਗਏ ਜਿਸ ’ਤੇ ਕਿਸੇ ਵਲੋਂ ਕੋਈ ਦਾਅਵਾ ਨਹੀਂ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਜਾਇਜ ਸ਼ਰਾਬ ਵਿਰੁੱਧ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਅਤੇ ਇਸ ਵਿੱਚ ਲਿਪਤ ਦੋਸ਼ੀਆਂ ਖਿਲਾਫ਼ ਸ਼ਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਜਲੰਧਰ ਪੱਛਮੀ ਰੇਂਜ ਦੀ ਟੀਮ ਵਲੋਂ ਨਜਾਇਜ ਸ਼ਰਾਬ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਰਿਆ ਸਤਲੁਜ ਦੇ ਕੰਢੇ ’ਤੇ ਨਕੋਦਰ, ਨੂਰਮਹਿਲ ਅਤੇ ਫਿਲੌਰ ਆਦਿ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਗੈਰ ਕਾਨੂੰਨੀ ਸ਼ਰਾਬ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
 
                        