ਜਲੰਧਰ, 7 ਜਨਵਰੀ 2024-ਸੂਬੇ ’ਚ ਸੀਤ ਲਹਿਰ ਲਗਾਤਾਰ ਜਾਰੀ ਹੈ ਜਿਸ ਨੂੰ ਦੇਖਦਿਆਂ ਸਿਹਤ ਵਿਭਾਗ ਵਲੋਂ ਠੰਡ ਤੋਂ ਬੱਚਣ ਲਈ ਐਡਵਾਈਜਰੀ ਜਾਰੀ ਕਰਦਿਆਂ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ, ਜਲੰਧਰ ਸ੍ਰੀ ਵਿਸ਼ੇਸ ਸਾਰੰਗਲ ਨੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾਵੇ।
ਐਡਵਾਈਜ਼ਰੀ ਵਿੱਚ ਸਿਹਤ ਵਿਭਾਗ ਨੇ ਲੋਕਾਂ ਨੂੰ ਕਿਹਾ ਕਿ ਮੌਸਮ ’ਤੇ ਨਿਗ੍ਹਾ ਰੱਖੀ ਜਾਵੇ ਅਤੇ ਹੱਡ ਚੀਰਵੀਂ ਠੰਡ ਤੋਂ ਬਚਾਓ ਲਈ ਜਾਰੀ ਐਡਵਾਈਜਰੀ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੌਸਮ ਸਬੰਧੀ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਰਾਹੀਂ ਵਧੇਰੇ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਗਰਮ ਊਨੀ ਕਪੜੇ ਰੱਖਣੇ ਚਾਹੀਦੇ ਹਨ ਅਤੇ ਮੋਟੇ ਭਾਰੀ ਕਪੜਿਆਂ ਦੀ ਇਕ ਤੈਅ ਪਹਿਨਣ ਦੀ ਬਜਾਏ ਹਲਕੇ ਗਰਮ ਕਪੜਿਆਂ ਦੀਆਂ ਕਈ ਤੈਆਂ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਤੰਗ ਕਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦੌਰਾਨ ਲੰਬੇ ਸਮੇਂ ਤੋਂ ਜੁਕਾਮ, ਫਲੂ ਅਤੇ ਨੱਕ ਵੱਗਣ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਪਾਸ ਜਾਣਾ ਚਾਹੀਦਾ ਹੈ।
ਐਡਵਾਈਜ਼ਰੀ ਵਿੱਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਸੀਤ ਲਹਿਰ ਤੋਂ ਬਚਾਓ ਲਈ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਗੈਰ ਜਰੂਰੀ ਸਫ਼ਰ ਤੋਂ ਬੱਚਣਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਆਪ ਨੂੰ ਖੁਸਕ ਰੱਖਣਾ ਚਾਹੀਦਾ ਹੈ, ਸਿਰ, ਹੱਥ, ਨੱਕ, ਗਰਦਨ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ ਲਈ ਊਨੀ ਟੋਪੀਆਂ , ਮਫ਼ਲਰ ਅਤੇ ਵਾਟਰ ਪਰੂਫ ਬੂਟ ਪਾਉਣੇ ਚਾਹੀਦੇ ਹਨ।
ਇਹ ਵੀ ਦੱਸਿਆ ਗਿਆ ਕਿ ਐਮਿਊਨਟੀ ਨੂੰ ਬਰਕਾਰ ਰੱਖਣ ਲਈ ਵਿਟਾਮਿਨ-ਸੀ ਭਰਪੂਰ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮ ਤਰਲ ਪਾਦਰਥਾਂ ਨੂੰ ਪੀਣਾ ਚਾਹੀਦਾ ਹੈ ਕਿਉਂਕਿ ਇਹ ਠੰਡੀਆਂ ਹਵਾਵਾਂ ਦਾ ਟਾਕਰਾ ਕਰਨ ਲਈ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ। ਜ਼ਿਆਦਾ ਸਮੇਂ ਤੱਕ ਠੰਡ ਦੇ ਸੰਪਰਕ ਵਿੱਚ ਰਹਿਣ ਨਾਲ ਚਮੜੀ ਖੁਸ਼ਕ, ਸਖ਼ਤ ਅਤੇ ਸੁੰਨ ਪੈ ਜਾਂਦੀ ਹੈ ਅਤੇ ਸਰੀਰ ਦੇ ਖੁੱਲ੍ਹੇ ਅੰਗਾਂ ’ਤੇ ਕਾਲੇ ਧੱਬੇ ਪੈ ਜਾਂਦੇ ਹਨ।
ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਠੰਡ ਲੱਗਣ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਇਹ ਸਰੀਰ ਵਿੱਚ ਗਰਮੀ ਦੀ ਘਾਟ ਦਾ ਸ਼ੁਰੂਆਤੀ ਲੱਛਣ ਹੈ। ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘੱਟਦਾ ਹੈ ।
