ਪੰਜਾਬ ਦੇ ਸਭ ਤੋਂ ਮਹਿੰਗੇ ਟੌਲ ਬੈਰੀਅਰ ਲਾਡੋਵਾਲ ਟੌਲ ਪਲਾਜ਼ਾ ਤੋਂ ਗੁਜ਼ਰਨ ਵਾਲੇ ਮੁਸਾਫਰਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ ਜੋ ਅੱਜ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਨਵੇਂ ਨੋਟੀਫਿਕੇਸ਼ਨ ਅਨੁਸਾਰ ਟੌਲ ਦਰਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਅਹਿਮ ਬਦਲਾਅ ਇਹ ਹੈ ਕਿ 1 ਅਪਰੈਲ ਤੋਂ ਟੌਲ ਪਲਾਜ਼ਾ ‘ਤੇ ਨਕਦ ਲੈਣ-ਦੇਣ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ 1 ਅਪਰੈਲ ਨੂੰ ਹੀ ਦਰਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਟੌਲ ਮੈਨੇਜਰ ਵਿਪਿਨ ਰਾਏ ਅਨੁਸਾਰ NHAI ਵੱਲੋਂ 27 ਮਾਰਚ ਨੂੰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ‘ਤੇ ਰੇਟ ਸੋਧੇ ਗਏ ਹਨ। ਹੁਣ ਕਾਰ, ਜੀਪ ਅਤੇ ਵੈਨ ਵਰਗੇ ਵਾਹਨਾਂ ਨੂੰ ਇੱਕ ਪਾਸੇ ਦੇ ਸਫ਼ਰ ਲਈ 220 ਰੁਪਏ ਦੀ ਬਜਾਏ 225 ਰੁਪਏ ਦੇਣੇ ਪੈਣਗੇ। ਜੇਕਰ ਕੋਈ ਉਸੇ ਦਿਨ ਵਾਪਸੀ ਕਰਦਾ ਹੈ, ਤਾਂ ਉਸ ਨੂੰ 335 ਰੁਪਏ ਦੀ ਬਜਾਏ 340 ਰੁਪਏ ਅਦਾ ਕਰਨੇ ਹੋਣਗੇ। ਛੋਟੇ ਵਪਾਰਕ ਵਾਹਨਾਂ ਲਈ ਇੱਕ ਪਾਸੇ ਦਾ ਟੌਲ 360 ਤੋਂ ਵਧ ਕੇ 365 ਰੁਪਏ ਅਤੇ ਦੋਵੇਂ ਪਾਸੇ ਦਾ 545 ਤੋਂ ਵਧ ਕੇ 550 ਰੁਪਏ ਹੋ ਗਿਆ ਹੈ।
ਮਾਸਿਕ ਪਾਸ ਵਿੱਚ ਵੀ 10 ਰੁਪਏ ਦਾ ਵਾਧਾ ਹੋਇਆ ਹੈ, ਜੋ ਹੁਣ 350 ਰੁਪਏ ਦਾ ਹੋਵੇਗਾ। ਲੰਬੀ ਦੂਰੀ ਦੇ ਵਪਾਰਕ ਵਾਹਨਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਲਈ ਸਾਲਾਨਾ ਪਾਸ ਵੀ ਮਹਿੰਗਾ ਹੋ ਗਿਆ ਹੈ। ਪੁਰਾਣਾ ਰੇਟ 3,000 ਰੁਪਏ ਸੀ, ਜੋ ਹੁਣ ਵਧ ਕੇ 3,075 ਰੁਪਏ ਕਰ ਦਿੱਤਾ ਗਿਆ ਹੈ ਜਿਸ ਵਿੱਚ ਕੁੱਲ 200 ਫੇਰੇ (Trips) ਮਿਲਣਗੇ। ਟੌਲ ਟੈਕਸ ਦੀਆਂ ਇਹ ਦਰਾਂ ਥੋਕ ਮੁੱਲ ਸੂਚਕ ਅੰਕ (WPI), ਸੜਕ ਦੀ ਲੰਬਾਈ, ਫਲਾਈਓਵਰਾਂ ਅਤੇ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਦੇ ਆਧਾਰ ‘ਤੇ ਤੈਅ ਕੀਤੀਆਂ ਜਾਂਦੀਆਂ ਹਨ। ਨਵੀਆਂ ਦਰਾਂ ਦੀ ਸੂਚੀ ਟੌਲ ਪਲਾਜ਼ਾ ‘ਤੇ ਲਗਾ ਦਿੱਤੀ ਗਈ ਹੈ
