ਫਿਲੌਰ, 14 ਅਗਸਤ 2026 : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਮੁਕਤ ਸਹੁੰ ਚੁੱਕ ਅਤੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ਦਾ ਸੰਚਾਲਨ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਸੋਨੀਆ ਵੱਲੋਂ ਕੀਤਾ ਗਿਆ। ਇਸ ਮੌਕੇ ਲਗਭਗ 128 ਵਿਦਿਆਰਥੀਆਂ, 16 ਅਧਿਆਪਕਾਂ ਕਾਲਜ ਦੇ ਸਮੂਹ ਗੈਰ-ਅਧਿਆਪਕ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਕਾਲਜ ਦੀ ਓ.ਐੱਸ.ਡੀ./ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਰਫ਼ ਵਿਅਕਤੀ ਹੀ ਨਹੀਂ, ਸਗੋਂ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ ਅਤੇ ਚੰਗੇ ਸੰਸਕਾਰਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਅਸਲ ਨਸ਼ਾ ਸਿੱਖਣ, ਤਕਨਾਲੋਜੀ ਦਾ ਸਹੀ ਉਪਯੋਗ ਕਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ ਦਾ ਹੋਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਨਾਲ-ਨਾਲ ਹੋਰਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ “ਨਸ਼ਾ ਮੁਕਤ ਭਾਰਤ ਅਭਿਆਨ” ਸਬੰਧੀ ਪ੍ਰੇਰਣਾਦਾਇਕ ਸੰਦੇਸ਼ ਵੀ ਦਿਖਾਇਆ ਗਿਆ। ਇਸ ਉਪਰੰਤ ਸਮੂਹ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ “ਨਸ਼ਾ ਮੁਕਤ ਭਾਰਤ” ਦੀ ਸਹੁੰ ਚੁੱਕੀ।
ਯੂਨੀਵਰਸਿਟੀ ਕਾਲਜ, ਫਿੱਲੌਰ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਸਹੁੰ ਚੁੱਕ ਅਤੇ ਜਾਗਰੂਕਤਾ ਸਮਾਗਮ
