Breaking
Sat. Aug 22nd, 2026

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਲੌਰ ਵਿਖੇ ਹੋਇਆ ਮਹਾਨ ਕੀਰਤਨ ਸਮਾਗਮ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਲੋਂ ਦਰਸਾਏ ਮਾਰਗ ’ਤੇ ਚੱਲਕੇ ਹੀ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ- ਮੋਹਿੰਦਰ ਭਗਤ
ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣ ਦਾ ਸੱਦਾ

ਫਿਲੌਰ/ਜਲੰਧਰ, 22 ਅਗਸਤ 2026- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਪੂਰੇ ਆਤਮਿਕ ਉਤਸ਼ਾਹ ਤੇ ਸ਼ਰਧਾ ਨਾਲ ਅੱਜ ਨਵੀਂ ਦਾਣਾ ਮੰਡੀ, ਪਿੰਡ ਸੈਫਾਬਾਦ, ਫਿਲੌਰ ਵਿਖੇ ਕਰਵਾਇਆ ਗਿਆ। ਮਹਾਨ ਕੀਰਤਨ ਸਮਾਗਮ ਦੌਰਾਨ ਪੰਜਾਬ ਦੇ ਰੱਖਿਆ ਸੇਵਾਵਾਂ ਅਤੇ ਭਲਾਈ, ਸੁਤੰਤਰਤਾ ਸੈਨਾਨੀ ਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ, ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਹਲਕਾ ਇੰਚਾਰਜ ਫਿਲੌਰ ਹਰਜੋਤ ਕੌਰ ਲੋਹਟੀਆ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਤੇ ਐਸ.ਡੀ.ਐਮ.ਦੀਪਕ ਭਾਟੀਆ ਸਮੇਤ ਵੱਖ-ਵੱਖ ਪ੍ਰਮੁੱਖ ਸਖਸ਼ੀਅਤਾਂ ਨੇ ਮੱਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਮਹਾਨ ਕੀਰਤਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਾ ਕੇ ਗੁਰਬਾਣੀ ਕੀਰਤਨ, ਕਥਾ ਅਤੇ ਭਗਤੀ ਭਜਨਾਂ ਦਾ ਆਨੰਦ ਮਾਣਿਆ। ਇਸ ਮੌਕੇ ਪੂਰਾ ਮਾਹੌਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਉਪਦੇਸ਼ਾਂ ਦੀ ਰੂਹਾਨੀ ਰੌਸ਼ਨੀ ਵਿੱਚ ਰੂਹਾਨੀਅਤ ਦੇ ਰੰਗ ਵਿੱਚ ਰੰਗਿਆ ਗਿਆ।

ਸਮਾਗਮ ਦੌਰਾਨ ਵੱਖ-ਵੱਖ ਸੰਤ ਸਮਾਜ ਦੀਆਂ ਮਹਾਨ ਸਖਸ਼ੀਅਤਾਂ ਵਲੋਂ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਸੰਗਤਾ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਸੋਢੀ (ਲੁਧਿਆਣਾ ਵਾਲੇ) ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਵੱਲੋਂ ਕੀਤੇ ਗਏ ਰਸਭਿੰਨੇ ਗੁਰਬਾਣੀ ਕੀਰਤਨ ਨੇ ਸੰਗਤਾਂ ਨੂੰ ਨਾਮ-ਰਸ ਵਿੱਚ ਲੀਨ ਕਰ ਦਿੱਤਾ। ਇਸ ਤੋਂ ਬਾਅਦ ਭਾਈ ਗੁਰਮੀਤ ਸਿੰਘ ਨੇ ਗੁਰਬਾਣੀ ਕਥਾ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਉਨ੍ਹਾਂ ਦੀ ਬਾਣੀ, ਸਮਾਨਤਾ, ਨਿਮਰਤਾ ਅਤੇ ਨਿਸ਼ਕਾਮ ਸੇਵਾ ਦੇ ਸੰਦੇਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆਉਣ ਦੀ ਪ੍ਰੇਰਣਾ ਦਿੱਤੀ।

ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਸੰਗਤਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਰਬ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ ਨਿਆਂ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜਾ ਜੀ ਵਲੋਂ ਦਰਸਾਏ ਮਾਰਗ ’ਤੇ ਚੱਲਕੇ ਹੀ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਬਾਣੀ ਤੇ ਜੀਵਨ ਫਲਸਫ਼ੇ ਨੂੰ ਘਰ-ਘਰ ਪਹੁੰਚਾਉਣ ਅਤੇ ਗੁਰੂ ਸਾਹਿਬ ਦੀ ਬਾਣੀ ’ਤੇ ਹੋਰ ਅਧਿਐਨ ਅਤੇ ਖੋਜ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲੰਧਰ ਦੇ ਪਿੰਡ ਨੌਗੱਜਾ/ਫਰੀਦਪੁਰ ਵਿਖੇ 10 ਏਕੜ ਤੋਂ ਵੱਧ ਰਕਬੇ ਵਿੱਚ 37 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸੂਬੇ ਦੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਇਸ ਮੌਕੇ ਲੋਕ ਸਭਾ ਮੈਂਬਰ ਡਾ.ਰਾਜ ਕੁਮਾਰ ਚੱਬੇਵਾਲ ਵਲੋਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੇ-ਵੱਡੇ ਸਮਾਗਮ ਕਰਵਾਕੇ ਸੂਬਾ ਵਾਸੀਆਂ ਖਾਸ ਕਰਕੇ ਨੌਜਵਾਨਾਂ ਪੀੜ੍ਹੀ ਨੂੰ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਤੋਂ ਜਾਣੂ ਲਈ ਕੀਤੇ ਜਾ ਰਹੇ ਸੰਜੀਦਾ ਉਪਰਾਲਿਆਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਆਪ ਨੂੰ ਬਹੁਤ ਹੀ ਵੱਡਭਾਗਾ ਮਹਿਸੂਸ ਕਰਦੀ ਹੈ ਕਿ ਉਹਨਾਂ ਦੇ ਕਾਰਜਕਾਲ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਵਿਸ਼ਾਲ ਕੀਰਤਨ ਸਮਾਗਮਾਂ ਦੇ ਨਾਲ-ਨਾਲ ਵਿਸ਼ੇਸ਼ ਪ੍ਰਚਾਰ ਵੈਨਾਂ ਰਾਹੀਂ ਸੂਬੇ ਭਰ ਦੇ ਪਿੰਡਾਂ ਵਿੱਚ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਆਧਾਰਿਤ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨ ਪੀੜ੍ਹੀ ਗੁਰੂ ਸਾਹਿਬ ਦੇ ਮਹਾਨ ਸੰਦੇਸ਼ ਨਾਲ ਜੁੜ ਸਕੇ। ਉਨ੍ਹਾਂ ਨੇ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਧਰਮ, ਦਇਆ ਅਤੇ ਮਨੁੱਖਤਾ ਦੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।

ਅਖੀਰ ਵਿੱਚ ਹਲਕਾ ਇੰਚਾਰਜ ਫਿਲੌਰ ਹਰਜੋਤ ਕੌਰ ਲੋਹਟੀਆਂ ਵਲੋਂ ਸਮੂਹ ਸੰਗਤਾਂ ਦਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮਹਾਨ ਕਰੀਤਨ ਦਰਬਾਰ ਵਿੱਚ ਪਹੁੰਚਣ ਅਤੇ ਕੀਰਤਨ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਮੂਹ ਧਾਰਮਿਕ ਸੰਸਥਾਵਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।

By admin

Related Post

Leave a Reply

Your email address will not be published. Required fields are marked *