ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਘਰ ਪਰਤ ਰਹੀ ਸੀ ਪੀੜਤ ਔਰਤ
ਨੂਰਮਹਿਲ-ਨਕੋਦਰ ਰੋਡ ’ਤੇ ਪਿੰਡ ਉੱਪਲ ਖਾਲਸਾ ਗੇਟ ਨੇੜੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਔਰਤ ਨੂੰ ਘੇਰ ਕੇ ਦਾਤਰ ਦੀ ਨੋਕ ’ਤੇ ਪਰਸ ਅਤੇ ਘੜੀ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਔਰਤ ਰਾਜਵਿੰਦਰ ਕੌਰ ਪਤਨੀ ਹਰ ਅਵਤਾਰ ਸਿੰਘ ਵਾਸੀ ਉੱਪਲ ਖਾਲਸਾ ਥਾਣਾ ਨੂਰਮਹਿਲ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਐਕਟਿਵਾ ਪੀਬੀ ਵੀ 08-ਐਫ ਐਫ 5270 ’ਤੇ ਸ਼ਹੀਦਾਂ ਦੀ ਜਗ੍ਹਾ ਉਪਰ ਮੱਥਾ ਟੇਕ ਕੇ ਘਰ ਵਾਪਸ ਆ ਰਹੀ ਸੀ। ਜਦੋਂ ਮੈਂ ਉਪਲ ਖਾਲਸਾ ਗੇਟ ਕੋਲ ਪਹੁੰਚੀ, ਤਾਂ ਪਿੱਛੋਂ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ਨੇ ਮੇਰਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਗੇਟ ਤੋਂ ਥੋੜ੍ਹਾ ਅੱਗੇ ਜਾ ਕੇ ਉਕਿਤ ਵਿਅਕਤੀਆਂ ਨੇ ਆਪਣਾ ਮੋਟਰਸਾਈਕਲ ਐਕਟਿਵਾ ਅੱਗੇ ਲਗਾ ਕੇ ਮੈਨੂੰ ਰੋਕ ਲਿਆ। ਇੱਕ ਨੌਜਵਾਨ ਨੇ ਤੁਰੰਤ ਹੇਠਾਂ ਉੱਤਰ ਕੇ ਐਕਟਿਵਾ ਦੀ ਚਾਬੀ ਬੰਦ ਕਰ ਦਿੱਤੀ। ਇਸੇ ਦੌਰਾਨ ਮੋਟਰਸਾਈਕਲ ’ਤੇ ਬੈਠੇ ਦੂਸਰੇ ਨੌਜਵਾਨ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਲੋਹੇ ਦਾ ਦਾਤਰ ਦਿਖਾਇਆ ਅਤੇ ਐਕਟਿਵਾ ਨਾਲ ਟੰਗਿਆ ਪਰਸ ਖੋਹ ਲਿਆ, ਜਿਸ ਵਿੱਚ ਕਰੀਬ 4100 ਰੁਪਏ ਨਕਦ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਦਾਤਰ ਦਿਖਾਉਣ ਵਾਲੇ ਲੁਟੇਰੇ ਨੇ ਉਸ ਦੇ ਗੁੱਟ ਤੋਂ ਘੜੀ ਵੀ ਝਪਟ ਲਈ।
ਰਾਜਵਿੰਦਰ ਕੌਰ ਨੇ ਦੱਸਿਆ ਕਿ ਕਿਸੇ ਰਾਹਗੀਰ ਨੂੰ ਆਉਂਦਾ ਦੇਖ ਕੇ ਤਿੰਨੋਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਅਚਾਨਕ ਵਾਪਰੀ ਇਸ ਘਟਨਾ ਕਾਰਨ ਉਹ ਡਰ ਗਈ ਸੀ, ਜਿਸ ਕਰਕੇ ਲੁਟੇਰਿਆ ਦੇ ਮੋਟਰਸਾਈਕਲ ਦਾ ਨੰਬਰ ਨਹੀਂ ਪੜ੍ਹ ਸਕੀ, ਪਰ ਸਾਹਮਣੇ ਆਉਣ ’ਤੇ ਉਹ ਲੁਟੇਰਿਆਂ ਨੂੰ ਪਹਿਚਾਣ ਸਕਦੀ ਹੈ। ਘਟਨਾ ਤੋਂ ਬਾਅਦ ਉਸ ਨੇ ਆਪਣੇ ਜੇਠ ਅਮਰੀਕ ਸਿੰਘ ਪੁੱਤਰ ਹਰਬੰਸ ਸਿੰਘ ਨਾਲ ਥਾਣਾ ਨੂਰਮਹਿਲ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਜਦੋਂ ਥਾਣਾ ਮੁਖੀ ਨੂਰਮਹਿਲ ਗੁਰਮੀਤ ਰਾਮ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਦੇ ਸੰਬੰਧ ਵਿੱਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੋ ਫ਼ਰਾਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।